Shimla: ਸ਼ਿਮਲਾ ਸ਼ਹਿਰ ਅਤੇ ਨਾਲ ਲੱਗਦੇ ਠਿਓਗ ਇਲਾਕੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਚਾਰ ਨੇਪਾਲੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਕਰੀਬ ਪੰਜ ਕਿੱਲੋ ਅਫੀਮ ਬਰਾਮਦ ਹੋਈ ਹੈ। ਇਸ ਪਾਬੰਦੀਸ਼ੁਦਾ ਪਦਾਰਥ ਦੀ ਕੀਮਤ 20 ਲੱਖ ਰੁਪਏ ਦੱਸੀ ਗਈ ਹੈ। ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਇਹ ਅਫੀਮ ਕਿੱਥੋਂ ਲੈ ਕੇ ਆਏ ਸਨ। ਪੁਲਿਸ ਨੂੰ ਇਹ ਸਫਲਤਾ ਬੁੱਧਵਾਰ ਦੇਰ ਰਾਤ ਗਸ਼ਤ ਅਤੇ ਨਾਕਾਬੰਦੀ ਦੌਰਾਨ ਮਿਲੀ।
ਪਹਿਲੇ ਮਾਮਲੇ ਵਿੱਚ, ਸ਼ਿਮਲਾ ਪੁਲਿਸ ਦੇ ਸਪੈਸ਼ਲ ਸੈੱਲ ਨੇ ਬਾਲੂਗੰਜ ਥਾਣੇ ਦੇ ਅਧੀਨ ਤਾਰਾਦੇਵੀ-ਟੁਟੂ ਬਾਈਫ੍ਰਿਕੇਸ਼ਨ ‘ਤੇ ਸੋਲਨ ਤੋਂ ਸ਼ਿਮਲਾ ਆ ਰਹੀ ਇੱਕ ਬੱਸ (ਐਚਪੀ 36 ਡੀ-1830) ਨੂੰ ਜਾਂਚ ਲਈ ਰੋਕਿਆ। ਇਸ ਦੌਰਾਨ ਬੱਸ ‘ਚ ਸਵਾਰ ਮੋਤੀ ਲਾਲ ਅਤੇ ਜੀਤ ਬਹਾਦਰ ਵਾਸੀ (ਦੋਵੇਂ ਨੇਪਾਲੀ) ਦੇ ਕਬਜ਼ੇ ‘ਚੋਂ 3 ਕਿਲੋ 890 ਗ੍ਰਾਮ ਅਫੀਮ ਬਰਾਮਦ ਹੋਈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਦੂਸਰਾ ਮਾਮਲਾ ਠਿਓਗ ਥਾਣਾ ਖੇਤਰ ਦੇ ਕਸਬਾ ਮਤਿਆਣਾ ਦਾ ਹੈ, ਜਿੱਥੇ ਨੈਸ਼ਨਲ ਹਾਈਵੇ-5 ‘ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਕਾਰ ਐਚ.ਪੀ.95-3535 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ‘ਚ ਰੱਖੇ ਥੈਲੇ ‘ਚੋਂ 1.516 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਤਿਲਕ ਬੋਹਰਾ ਅਤੇ ਸੁਧੀਰ ਬੁੱਧਾ ਵਾਸੀ ਨੇਪਾਲ ਵਜੋਂ ਹੋਈ ਹੈ। ਇਹ ਦੋਵੇਂ ਸ਼ਿਮਲਾ ਜ਼ਿਲ੍ਹੇ ਦੇ ਕੁਮਾਰਸੇਨ ਦੇ ਨਾਰਕੰਡਾ ਵਿੱਚ ਸੇਬ ਦੇ ਬਾਗ ਵਿੱਚ ਕੰਮ ਕਰਦੇ ਹਨ।
ਹਿੰਦੂਸਥਾਨ ਸਮਾਚਾਰ