SGPC ਪ੍ਰਧਾਨ ਨੇ CM ਮਾਨ ਨੂੰ ਦਿੱਤਾ ਜਵਾਬ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਨੂੰ ਲੈ ਕੇ ਬੋਲ ਕਬੋਲ ਨਾ ਬੋਲੋ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਸਿੱਖਾਂ ਦੇ ਸਰਬਉੱਚ ਸੰਸਥਾ ਦੇ ਬਾਰੇ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਹਨ। ਦੱਸ ਦੇਈਏ ਕਿ CM ਮਾਨ ਨੇ ਅਕਾਲੀ ਆਗੂਆਂ ਉੱਤੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਪੈਸੇ ਦੇ ਲਾਲਚ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਬਣਾ ਕੇ ਰੱਖ ਦਿੱਤਾ ਹੈ।
ਪੰਜਾਬ ਸਰਕਾਰ ਨੇ ਮੁੜ ਚੁੱਕਿਆ ਕਰੋੜਾਂ ਦਾ ਕਰਜ਼ਾ
ਪੰਜਾਬ ਸਰਕਾਰ ਨੇ ਮੁੜ ਤੋਂ 1,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਦਾ ਐਲਾਨ ਕੀਤਾ ਹੈ। ਇਹ ਕਰਜ਼ਾ 2046 ਤੱਕ ਚੁਕਾਇਆ ਜਾਵੇਗਾ, ਸਰਕਾਰ ਦਾ ਦਾਅਵਾ ਹੈ ਕਿ ਇਹ ਕਰਜ਼ਾ ਵਿਕਾਸ ਪ੍ਰੋਜੈਕਟਾਂ, ਜਿਵੇਂ ਸੜਕਾਂ ਅਤੇ ਹੋਰ ਸਹੂਲਤਾਂ, ਲਈ ਵਰਤਿਆ ਜਾਵੇਗਾ, ਪਰ ਇਸ ਕਦਮ ਨੇ ਰਾਜ ਦੇ ਵਧਦੇ ਕਰਜ਼ੇ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ।
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ DSP ਹਰਬੰਸ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ। ਸਰਕਾਰ ਵੱਲੋਂ ਇਹ ਕਾਰਵਾਈ ਨਸ਼ਾ ਵਿਰੋਧੀ ਮੁਹਿੰਮ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਡੀਐਸਪੀ ਹਰਬੰਸ ਸਿੰਘ ‘ਤੇ ਆਪਣੇ ਇਲਾਕੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਲੋੜੀਂਦੀ ਕਾਰਵਾਈ ਨਾ ਕਰਨ ਦਾ ਦੋਸ਼ ਹੈ, ਜਿਸ ਕਾਰਨ ਸੂਬਾ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ।
ਯੂਟਿਊਬਰ ਜਸਬੀਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ
ਜਾਸੂਸੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਯੂ-ਟਿਊਬਰ ਜਸਬੀਰ ਸਿੰਘ ਨੂੰ ਮੁਹਾਲੀ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਜੂਨ ਨੂੰ ਕੀਤੀ ਜਾਵੇਗੀ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਪਿਸਟਲ, 2 ਜ਼ਿੰਦਾ ਰੌਂਦ, 70 ਹਜ਼ਾਰ ਡਰੱਗ ਮਨੀ ਅਤੇ ਇਕ ਗੱਡੀ ਵੀ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਮੁਲਜ਼ਮ ਗੈਂਗਸਟਰ ਕਿਸ਼ਨ ਅਤੇ ਪਾਕਿਸਤਾਨੀ ਤਸਕਰ ਖਾਨ ਦੇ ਨਾਲ ਸੰਪਰਕ ‘ਚ ਸਨ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ‘ਚ ਇਸ ਤਾਰੀਖ ਨੂੰ ਹੋਵੇਗੀ ਛੁੱਟੀ
ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ 11 ਜੂਨ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਹ ਛੁੱਟੀ ਮਹਾਨ ਸੰਤ ਕਬੀਰ ਦਾਸ ਜੀ ਦੇ ਜਨਮ ਦਿਵਸ ਦੇ ਮੌਕੇ ‘ਤੇ ਐਲਾਨੀ ਗਈ ਹੈ, ਜੋ ਕਿ ਦੇਸ਼ ਭਰ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਂਦੀ ਹੈ। ਇਸ ਦੌਰਾਨ ਸੂਬੇ ਦੇ ਸਰਕਾਰੀ ਦਫ਼ਤਰ, ਵਿਭਾਗ, ਬੋਰਡ ਅਤੇ ਕਾਰਪੋਰੇਸ਼ਨ ਬੁੱਧਵਾਰ ਨੂੰ ਬੰਦ ਰਹਿਣਗੇ।
ਮੁੱਲਾਂਪੁਰ ‘ਚ ਪਹਿਲੀ ਵਾਰ ਹੋਣਗੇ ਅੰਤਰਰਾਸ਼ਟਰੀ ਮੈਚ
ਮੁੱਲਾਂਪੁਰ ਸਟੇਡੀਅਮ ‘ਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਹੋਣਗੇ। ਅੰਤਰਰਾਸ਼ਟਰੀ ਮੈਚਾਂ ਦੀ ਸ਼ੁਰੂਆਤ 14 ਸਤੰਬਰ ਨੂੰ ਆਸਟ੍ਰੇਲੀਆ ਅਤੇ ਭਾਰਤ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਹੋਵੇਗੀ। 17 ਸਤੰਬਰ ਨੂੰ ਦੋਵਾਂ ਟੀਮਾਂ ਦਰਮਿਆਨ ਦੂਜਾ ਮੈਚ ਹੋਵੇਗਾ। ਇਸ ਤੋਂ ਇਲਾਵਾ 11 ਦਸੰਬਰ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਵੀ ਇਕ ਦਿਨਾਂ ਮੈਚ ਖੇਡੇਗੀ।
ਭਾਰਤ 41 ਸਾਲ ਬਾਅਦ ਮੁੜ ਸਿਰਜੇਗਾ ਇਤਿਹਾਸ
41 ਸਾਲ ਬਾਅਦ ਭਾਰਤ ਲਈ ਮੁੜ ਮਾਣ ਵਾਲਾ ਪਲ ਆ ਰਿਹਾ ਹੈ। ਦੱਸ ਦਈਏ ਕਿ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਐਕਸੀਓਮ ਸਪੇਸ ਦੇ ਐਕਸ-4 ਮਿਸ਼ਨ ਤਹਿਤ ਪੁਲਾੜ ਯਾਤਰਾ ਲਈ ਤਿਆਰ ਹਨ। ਇਹ ਮਿਸ਼ਨ ਅੱਜ ਯਾਨੀ ਕਿ 10 ਜੂਨ ਨੂੰ ਫਲੋਰੀਡਾ ਦੇ ਨਾਸਾ ਕੈਨੇਡੀ ਸਪੇਸ ਸੈਂਟਰ ਤੋਂ ਸ਼ੁਰੂ ਹੋਵੇਗਾ। ਸ਼ੁਭਾਂਸ਼ੂ 11 ਜੂਨ, 2025 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨਾਲ ਜੁੜਨਗੇ। ਇਹ ਮਿਸ਼ਨ ਭਾਰਤ ਦੇ ਪੁਲਾੜ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜੇਗਾ, ਕਿਉਂਕਿ ਸ਼ੁਭਾਂਸ਼ੂ 1984 ਵਿੱਚ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਕਦਮ ਰੱਖਣ ਵਾਲੇ ਪਹਿਲੇ ਭਾਰਤੀ ਹੋਣਗੇ।