ਚੰਡੀਗੜ੍ਹ, 8 ਅਪ੍ਰੈਲ (ਹਿੰ.ਸ.)। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬੀਤੀ ਰਾਤ ਜਲੰਧਰ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੀ ਯੋਜਨਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਬਣਾਈ ਸੀ। ਆਈਐਸਆਈ ਨੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੀ ਮਦਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।
ਸੋਮਵਾਰ ਰਾਤ ਨੂੰ ਪੰਜਾਬ ਦੇ ਜਲੰਧਰ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ। ਚਾਰੇ ਪਾਸਿਓਂ ਘਿਰੀ ਪੰਜਾਬ ਪੁਲਿਸ ਨੇ ਰਾਤ ਦੇ 3 ਵਜੇ ਤੋਂ ਹੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੰਜਾਬ ਦੇ ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਮੰਗਲਵਾਰ ਦੁਪਹਿਰ ਨੂੰ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲੇ ਦੀ ਪੁਸ਼ਟੀ ਹੋ ਗਈ ਹੈ। ਇਸ ਹਮਲੇ ਦੀ ਸਾਜਿਸ਼ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਕਾਰਕੁਨਾਂ ਜ਼ੀਸ਼ਾਨ ਅਖਤਰ ਅਤੇ ਸ਼ਹਿਜ਼ਾਦ ਭੱਟੀ ਵੱਲੋਂ ਕੀਤੀ ਗਈ ਸੀ। ਦੋਵਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਬੱਬਰ ਖਾਲਸਾ ਦੇ ਅੱਤਵਾਦੀਆਂ ਦੀ ਮਦਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਪਿੱਛੇ ਮੁੱਖ ਮਕਸਦ ਦਹਿਸ਼ਤ ਫੈਲਾਉਣਾ ਰਿਹਾ।
ਸ਼ੁਕਲਾ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ, ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਮਿਲਕੇ ਆਪ੍ਰੇਸ਼ਨ ਚਲਾਇਆ। ਜਿਸ ਤੋਂ ਬਾਅਦ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਲਾਵਰਾਂ ਦੀ ਕੁੱਲ ਗਿਣਤੀ ਤਿੰਨ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਦੀ ਮਦਦ ਨਾਲ ਪੁਲਿਸ ਨੇ ਦੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਮਲੇ ਵਿੱਚ ਵਰਤਿਆ ਗਿਆ ਆਟੋ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਕਿਉਂਕਿ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਆਪ੍ਰੇਸ਼ਨ ਅਜੇ ਵੀ ਜਾਰੀ ਹੈ, ਇਸ ਲਈ ਬਹੁਤ ਕੁਝ ਨਹੀਂ ਦੱਸਿਆ ਜਾ ਸਕਦਾ। ਇਸ ਹਮਲੇ ਦੇ ਤੀਜੇ ਮੁਲਜ਼ਮ ਨੂੰ ਵੀ ਬਹੁਤ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਤੱਕ ਦੀ ਜਾਂਚ ਵਿੱਚ ਕੋਈ ਦੁਸ਼ਮਣੀ ਆਦਿ ਸਾਹਮਣੇ ਨਹੀਂ ਆਇਆ ਹੈ। ਇਹ ਹਮਲਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ