ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਵੱਡੀ ਗਿਣਤੀ ’ਚ ਸੁਰੱਖਿਆ ਦੇਣ ’ਤੇ ਸਿਆਸਤ ਕਾਫੀ ਭਖ ਗਈ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਇੱਕ ਵੀਡੀਓ ਜਾਰੀ ਕਰ ਭਗਵੰਤ ਮਾਨ ਦੀ ਪਤਨੀ ਨੂੰ ਸੁਰੱਖਿਆ ਦੇਣ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਿਸ ਹੈਸੀਅਤ ਨਾਲ ਉਨ੍ਹਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਹੈ।
ਉਨ੍ਹਾਂ ਸੋਸ਼ਲ ਮੀਡੀਆ ’ਤੇ ਟਵੀਟ ਕਰਦੇ ਹੋਏ ਕਿਹਾ ਕਿ ਕੱਲ੍ਹ ਅਸੀਂ ਮੁੱਖ ਮੰਤਰੀ ਦੀ ਪਤਨੀ ਦੇ ਵੱਡੇ ਕਾਫਲੇ ਨੂੰ ਦੇਖਿਆ, ਅੱਜ ਵੇਖੋ ਕਿੰਨੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦੇ ਆਲੇ ਦੁਆਲੇ ਘੇਰਾਬੰਦੀ ਕੀਤੀ ਹੋਈ ਹੈ। ਉਨ੍ਹਾਂ ਨੂੰ ਸਰਕਾਰੀ ਖਰਚੇ ’ਤੇ ਇੰਨ੍ਹੀ ਸੁਰੱਖਿਆ ਕਿਸ ਹੈਸੀਅਲ ਨਾਲ ਦਿੱਤੀ ਜਾ ਰਹੀ ਹੈ। ਮੈਨੂੰ ਯਾਦ ਹੈ ਕਿਸੇ ਨੇ ਕਿਹਾ ਸੀ ਕਿ ਜੇ ਡਰ ਲਗਦਾ ਹੈ ਤਾਂ ਮੁਰਗੀਖਾਨਾ ਖੋਲ੍ਹ ਲੋ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਸੀਐੱਮ ਸਾਬ੍ਹ ਦਾ ਪਰਿਵਾਰ 10 ਗੱਡੀਆਂ ਦੇ ਕਾਫਲੇ ਨਾਲ ਵਧਦਾ ਫੁਲਦਾ ਹੋਇਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਪਰਿਵਾਰ ਅਤੇ ਸਣੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਕਸਰ ਹੀ ਵਾਹਨਾਂ ਦੇ ਵੱਡਾ ਕਾਫਲੇ ’ਚ ਘੁੰਮਦੇ ਨਜ਼ਰ ਆਉਂਦੇ ਹਨ।
ਉਹਨਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਵੀਆਈਪੀ ਕਲਚਰ ਦੇ ਖਿਲਾਫ ਸੰਘਰਸ਼ ਵੋਟਾਂ ਬਟੋਰਨ ਦੇ ਧੋਖੇ ਭਰੇ ਵਾਅਦੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਕੀ ਪੰਜਾਬ ਆਪ ਇਕਾਈ ਦੱਸੇਗੀ ਕਿ ਮੁੱਖ ਮੰਤਰੀ ਮਾਨ ਦੀ ਪਤਨੀ ਦਾ ਕਿਹੜਾ ਅਹੁਦਾ ਹੈ ਜੋ ਉਸ ਨੂੰ ਵਾਹਨਾਂ ਦੇ ਵੱਡੇ ਕਾਫਲੇ ਚ ਸਫਰ ਕਰਨ ਦਾ ਅਧਿਕਾਰ ਦਿੰਦਾ ਹੈ।