NEET-UG News: ਵਿਵਾਦਾਂ ਵਿਚਕਾਰ, NEET UG ਕਾਉਂਸਲਿੰਗ ਨੂੰ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਹਾਲ, ਐਮਬੀਬੀਐਸ (MBBS), ਬੀਡੀਐਸ (BDS)ਅਤੇ ਹੋਰ ਯੂਜੀ (UG)ਪ੍ਰੋਗਰਾਮਾਂ ਲਈ ਦਾਖਲਾ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਕੀਤੀ ਜਾਵੇਗੀ।
ਦਰਅਸਲ, NEET-UG ਕਾਉਂਸਲਿੰਗ ਪ੍ਰਕਿਰਿਆ ਸ਼ਨੀਵਾਰ, 6 ਜੁਲਾਈ ਨੂੰ ਸ਼ੁਰੂ ਹੋਣੀ ਸੀ। ਹੁਣ ਮੈਡੀਕਲ ਕੌਂਸਲ ਕਮਿਸ਼ਨ ਦੇ ਅਗਲੇ ਹੁਕਮਾਂ ਤੱਕ ਕਾਊਂਸਲਿੰਗ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ NEET ਪੇਪਰ ਲੀਕ ਅਤੇ ਬੇਨਿਯਮੀਆਂ ਦੇ ਮੱਦੇਨਜ਼ਰ ਕਈ ਵਿਦਿਆਰਥੀਆਂ ਨੇ ਕਾਉਂਸਲਿੰਗ ‘ਤੇ ਪਾਬੰਦੀ ਲਗਾਉਣ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਅਦਾਲਤ ਨੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਸੀ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ। ਜੇਕਰ ਇਮਤਿਹਾਨ ਜਾਰੀ ਰਹੇ ਤਾਂ ਕੌਂਸਲਿੰਗ ਵੀ ਜਾਰੀ ਰੱਖੀ ਜਾਵੇ।
ਹੁਣ ਕਰੀਬ ਢਾਈ ਮਹੀਨਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 8 ਜੁਲਾਈ ਤੋਂ ਸੁਪਰੀਮ ਕੋਰਟ ਵਿੱਚ ਆਮ ਕੰਮ ਮੁੜ ਸ਼ੁਰੂ ਹੋ ਜਾਵੇਗਾ। ਅਦਾਲਤ NEET UG ਨਤੀਜੇ 2024 ਦੇ ਖਿਲਾਫ ਬਹੁਤ ਸਾਰੇ ਵਿਦਿਆਰਥੀਆਂ ਅਤੇ ਕੋਚਿੰਗ ਸੰਸਥਾਵਾਂ ਦੁਆਰਾ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰੇਗੀ। ਅਦਾਲਤ ਸੋਮਵਾਰ ਨੂੰ ਪੇਪਰ ਲੀਕ ਅਤੇ ਪ੍ਰੀਖਿਆ ਰੱਦ ਕਰਨ ਦੀ ਸੁਣਵਾਈ ਕਰੇਗੀ।
ਦੱਸ ਦੇਈਏ ਕਿ NTA ਨੇ NEET UG ਦਾ ਨਤੀਜਾ ਨਿਸ਼ਚਿਤ ਮਿਤੀ (14 ਜੂਨ 2024) ਤੋਂ 10 ਦਿਨ ਪਹਿਲਾਂ (4 ਜੂਨ) ਜਾਰੀ ਕਰ ਦਿੱਤਾ ਸੀ। 67 ਟਾਪਰ ਐਲਾਨੇ ਗਏ ਸਨ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ 23 ਜੂਨ ਨੂੰ 1563 ਵਿਦਿਆਰਥੀਆਂ ਦੀ ਮੁੜ ਪ੍ਰੀਖਿਆ ਲਈ ਗਈ। NEET UG ਦੀ ਮੁੜ ਪ੍ਰੀਖਿਆ ਵਿੱਚ ਟਾਪਰਾਂ ਦੀ ਗਿਣਤੀ 67 ਤੋਂ ਘਟ ਕੇ 61 ਹੋ ਗਈ ਹੈ।
ਹਿੰਦੂਸਥਾਨ ਸਮਾਚਾਰ