Jalandhar By-Election/Bibi Surjit Kaur: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਕੱਲ੍ਹ ਜ਼ਬਰਦਸਤ ਰਾਜਨੀਤਕ ਡਰਾਮਾ ਹੋਇਆ। ਜਲੰਧਰ ਪੱਛਮੀ ਤੋਂ ਸ਼੍ਰੋਮਣੀ ਅਕਾਲੀ (ਬਾਗੀ) ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਸਵੇਰੇ ਮੁੱਖ ਮਤਰੀ ਭਗਵੰਤ ਮਾਨ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ ਪਰ ਕੁੱਝ ਹੀ ਘੰਟਿਆਂ ਬਾਅਦ ਭਾਵ ਕਿ ਦੇਰ ਸ਼ਾਮ ਨੂੰ ਉਹ ਮੁੜ ਅਕਾਲੀ ਦਲ ’ਚ ਸ਼ਾਮਲ ਹੋ ਗਏ।
ਦੱਸ ਦਈਏ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ, ਸਗੋਂ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਹੈ। ਸੁਰਜੀਤ ਕੌਰ ਇਸ ਵੇਲੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਸਨ ਪਰ ਉਨ੍ਹਾਂ ਦਾ ਪਿਛੋਕੜ ਅਕਾਲੀ ਪਰਿਵਾਰ ਨਾਲ ਜੁੜਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜੱਥੇਦਾਰ ਪ੍ਰੀਤਮ ਸਿੰਘ ਦਾ ਪਰਿਵਾਰ ਕੁਰਬਾਨੀਆਂ ਵਾਲਾ ਪਰਿਵਾਰ ਹੈ, ਜਿਨ੍ਹਾਂ ਨੇ ਜੇਲਾਂ ਕੱਟੀਆਂ ਅਤੇ ਜ਼ਿੰਦਗੀ ਭਰ ਸੰਘਰਸ਼ ਕੀਤਾ। ਉਨ੍ਹਾਂ ਦੇ ਪਰਿਵਾਰ ਦੀ ਮੈਂਬਰ ਸੁਰਜੀਤ ਕੌਰ ਨੂੰ ਅਕਾਲੀ ਦਲ ਨੇ ਜ਼ਿਮਨੀ ਚੋਣ ’ਚ ਟਿਕਟ ਦਿੱਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਨਿੱਜੀ ਮੁਫਾਦਾਂ ਦੀ ਲੜਾਈ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਬਾਅਦ ’ਚ ਸੁਰਜੀਤ ਕੌਰ ਨੂੰ ਟਿਕਟ ਦੇਣ ਤੋਂ ਮੁੱਕਰ ਗਈ ਸੀ ਅਤੇ ਅਕਾਲੀ ਦਲ ਨੇ ਬਸਪਾ ਨੂੰ ਆਪਣਾ ਸਮਰਥਨ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਨਾਰਾਜ਼ ਹੋ ਕੇ ਸੁਰਜੀਤ ਕੌਰ ਨੂੰ ਭਾਰੀ ਨਿਰਾਸ਼ਾ ਹੋਈ ਅਤੇ ਉਨ੍ਹਾਂ ਨੇ ਆਪਣੇ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ।
ਜਲੰਧਰ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੇ ਯੂ-ਟਰਨ ‘ਤੇ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਸੁਰਜੀਤ ਕੌਰ ‘ਤੇ ਦਬਾਅ ਬਣਾਇਆ ਹੈ। ਇਸ ਲਈ ਉਸਨੇ ਆਪਣਾ ਫੈਸਲਾ ਬਦਲ ਲਿਆ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਜੂਦ ਖ਼ਤਮ ਹੋ ਚੁੱਕਾ ਹੈ। ਹੁਣ ਉਹ ਆਪਣਾ ਉਮੀਦਵਾਰ ਉਤਾਰਨ ਦੀ ਸਥਿਤੀ ਵਿੱਚ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਨੂੰ ਤੱਕੜੀ ਦੇ ਚੋਣ ਨਿਸ਼ਾਨ ‘ਤੇ ਵੋਟ ਨਾ ਪਾਉਣ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਬਾਗੀ ਧੜਾ ਲੋਕਾਂ ਨੂੰ ਉਸੇ ਚੋਣ ਨਿਸ਼ਾਨ ‘ਤੇ ਵੋਟ ਪਾਉਣ ਦੀ ਗੱਲ ਕਹਿ ਰਿਹਾ ਹੈ। ਇਸ ਸ਼ਕ ਤੋਂ ਚਿੰਤਤ ਹੋਕੇ ਬੀਬੀ ਸੁਰਜੀਤ ਕੌਰ ਨੇ ਪਾਰਟੀ ਛੱਡ ਦਿੱਤੀ।
ਪਰ ਦੱਸ ਦਈਏ ਕਿ ਬੀਬੀ ਸੁਰਜੀਤ ਕੌਰ ਨੇ ਇਕ ਹੀ ਦਿਨ ’ਚ ‘ਇਕ ਵੱਡਾ ਯੂ-ਟਰਨ’ ਲਿਆ ਕਿ ਸਾਰੀਆਂ ਰਾਜਨੀਤਕ ਹਸਤੀਆਂ ਹੈਰਾਨ ਹੋ ਗਈਆਂ ਹਨ। ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਬੀਬੀ ਸੁਰਜੀਤ ਕੌਰ ਸਵੇਰੇ ‘ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਦੁਬਾਰਾ ਅਕਾਲੀ ਦਲ ’ਚ ਵਾਪਸੀ ਕਰ ਲੈਣਗੇ।
ਹਿੰਦੂਸਥਾਨ ਸਮਾਚਾਰ