New Delhi: ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਆਲ ਟਾਈਮ ਹਾਈ ਓਪਨਿੰਗ ਦੇ ਨਵੇਂ ਰਿਕਾਰਡ ਦੇ ਨਾਲ ਹੋਈ। ਪਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਮੁਨਾਫ਼ਾ ਵਸੂਲੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ‘ਚ ਗਿਰਾਵਟ ਆਈ। ਹਾਲਾਂਕਿ, ਖਰੀਦਦਾਰ ਵੀ ਲਗਾਤਾਰ ਖਰੀਦਦਾਰੀ ਕਰਕੇ ਬਾਜ਼ਾਰ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਕਰਦੇ ਰਹੇ। ਇਸਦੇ ਬਾਵਜੂਦ ਸੈਂਸੈਕਸ ਅਤੇ ਨਿਫਟੀ ਦੋਵਾਂ ਸੂਚਕਾਂਕ ‘ਤੇ ਲਗਾਤਾਰ ਦਬਾਅ ਰਿਹਾ। ਕਾਰੋਬਾਰ ਦੌਰਾਨ 11:15 ਵਜੇ ਤੱਕ ਸੈਂਸੈਕਸ 235.89 (0.30 ਫੀਸਦੀ) ਦੀ ਗਿਰਾਵਟ ਨਾਲ 77,243.04 ਅੰਕ ਦੇ ਪੱਧਰ ’ਤੇ ਅਤੇ ਨਿਫਟੀ 36.60 (0.16 ਫੀਦਸੀ) ਦੀ ਗਿਰਾਵਟ ਨਾਲ 23,530.40 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।
ਕਾਰੋਬਾਰ ਦੇ ਪਹਿਲੇ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਇੰਫੋਸਿਸ, ਐਲਟੀ ਮਾਈਂਡਟ੍ਰੀ, ਭਾਰਤੀ ਏਅਰਟੈੱਲ, ਟੀਸੀਐਸ ਅਤੇ ਐਚਸੀਐਲ ਟੈਕਨਾਲੋਜੀ ਦੇ ਸ਼ੇਅਰ 2.43 ਫੀਸਦੀ ਤੋਂ 1.76 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟਾਟਾ ਸਟੀਲ, ਐਚਡੀਐਫਸੀ ਬੈਂਕ, ਹਿੰਦੁਸਤਾਨ ਯੂਨੀਲੀਵਰ, ਅਡਾਨੀ ਐਂਟਰਪ੍ਰਾਈਜ਼ ਅਤੇ ਨੇਸਲੇ ਦੇ ਸ਼ੇਅਰ 1.16 ਫੀਸਦੀ ਤੋਂ 0.79 ਫੀਸਦੀ ਤੱਕ ਡਿੱਗ ਕੇ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 13 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 17 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 31 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 19 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀ.ਐੱਸ.ਈ. ਸੈਂਸੈਕਸ ਅੱਜ 250.55 ਅੰਕਾਂ ਦੀ ਛਾਲ ਮਾਰ ਕੇ 77,729.48 ਅੰਕਾਂ ‘ਤੇ ਖੁੱਲ੍ਹਿਆ, ਜਿਸ ਨਾਲ ਆਲ ਟਾਈਮ ਹਾਈ ਓਪਨਿੰਗ ਦਾ ਨਵਾਂ ਰਿਕਾਰਡ ਬਣਿਆ। ਕਾਰੋਬਾਰ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਮੁਨਾਫਾ ਬੁਕਿੰਗ ਦੇ ਦਬਾਅ ਕਾਰਨ ਸੂਚਕਾਂਕ ਲਾਲ ਨਿਸ਼ਾਨ ’ਤੇ ਆ ਗਿਆ। ਇਸ ਤੋਂ ਬਾਅਦ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਅਤੇ ਬਾਅਦ ’ਚ ਇੱਕ ਵਾਰ ਫਿਰ ਵਿਕਰੀ ਦੇ ਦਬਾਅ ਕਰਕੇ ਸੂਚਕਾਂਕ ’ਚ ਗਿਰਾਵਟ ਆ ਗਈ।
ਸੈਂਸੈਕਸ ਦੀ ਤਰ੍ਹਾਂ ਐਨਐਸਈ ਨਿਫਟੀ ਨੇ ਵੀ ਅੱਜ 94.15 ਅੰਕਾਂ ਦੀ ਮਜ਼ਬੂਤੀ ਨਾਲ 23,661.15 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ ਹੈ, ਜਿਸ ਨਾਲ ਆਲ ਟਾਈਮ ਹਾਈ ਓਪਨਿੰਗ ਦਾ ਨਵਾਂ ਰਿਕਾਰਡ ਬਣਿਆ। ਸ਼ੁਰੂਆਤੀ ਕਾਰੋਬਾਰ ਵਿੱਚ ਹੀ ਮੁਨਾਫਾ ਬੁਕਿੰਗ ਸ਼ੁਰੂ ਹੋ ਗਈ, ਜਿਸ ਕਰਕੇ ਕੁਝ ਸਮੇਂ ਬਾਅਦ ਸੂਚਕਾਂਕ ਨੇ ਆਪਣੇ ਸਾਰੇ ਲਾਭ ਗੁਆ ਦਿੱਤੇ। ਹਾਲਾਂਕਿ, ਇਸ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਕਾਰਨ ਇਸ ਦੀ ਸਥਿਤੀ ਵਿੱਚ ਮਾਮੂਲੀ ਸੁਧਾਰ ਹੋਇਆ ਹੈ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 141.34 ਅੰਕ ਜਾਂ 0.18 ਫੀਸਦੀ ਮਜ਼ਬੂਤੀ ਨਾਲ 77,478.93 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 51 ਅੰਕ ਜਾਂ 0.22 ਫੀਸਦੀ ਦੀ ਮਜ਼ਬੂਤੀ ਨਾਲ 23,567 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ