ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕਰਦੇ ਹੋਏ ਉਹਨਾਂ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇੱਕ ਫੋਟੋ ਸ਼ੇਅਰ ਕਰ ਬਾਜਵਾ ਨੂੰ ਸਵਾਲ ਪੁੱਛੇ ਹਨ ਤੇ ਨਾਲ ਹੀ ਕੈਪਸ਼ਨ ‘ਚ ਧੰਨਵਾਦ ਲਿਖਿਆ ਹੈ। ਸਿੱਧੂ ਨੇ ਬਾਜਵਾ ਨੂੰ ਪੁੱਛਿਆ ਕਿ ਜਦੋਂ ਕੈਪਟਨ ਦੀ ਸਰਕਾਰ ਸਾਢੇ 4 ਸਾਲ ਸੱਤਾ ‘ਚ ਆਈ ਸੀ, ਇਸ ਸਮੇਂ ਦੌਰਾਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਘਰ-ਘਰ ਨੌਕਰੀਆਂ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਵਾਅਦੇ ਕਰਕੇ ਪੰਜਾਬ ਨਾਲ ਧੋਖਾ ਕੀਤਾ ਹੈ, ਕੀ ਇਹ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਨਹੀਂ ਸੀ
ਇਸ ਤੋਂ ਬਾਅਦ ਸਿੱਧੂ ਨੇ ਬਾਜਵਾ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਚਰਨਜੀਤ ਚੰਨੀ ਆਇਆ, ਅਕਾਲੀਆਂ ਦੇ ਚਹੇਤਿਆਂ ਨੂੰ DGP ਲਾਇਆ ਗਿਆ, AG ਲਾਇਆ ਗਿਆ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਅਤੇ ਅਕਾਲੀਆਂ ਨਾਲ ਅੱਟੀ-ਸੱਟੀ ਕੀਤੀ ਗਈ, ਉਦੋਂ ਇਕ ਹੀ ਬੰਦੇ ਨਵਜੋਤ ਸਿੰਘ ਸਿੱਧੂ ਨੇ ਕਿਸੇ ਅਹੁਦੇ ਦੀ ਪਰਵਾਹ ਕੀਤੇ ਬਗੈਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਨਿਆਂ ਦੀ ਮੰਗ ਕੀਤੀ ਤੇ ਤੁਸੀਂ ਕੀ ਕੀਤਾ?
ਇਸਦੇ ਨਾਲ ਹੀ ਆਖਰ ‘ਚ ਲਿਖਿਆ ਗਿਆ ਕਿ ਬਾਜਵਾ ਸਾਬ, ਜੇਕਰ ਇੱਕ ਆਮ ਵਰਕਰ ਦੀ ਹੈਸੀਅਤ ਨਾਲ ਅੱਠ ਤੋਂ ਦੱਸ ਹਜਾਰ ਬੰਦਾ ਸ੍ਰ. ਨਵਜੋਤ ਸਿੰਘ ਸਿੱਧੂ ਇਕੱਠਾ ਕਰ ਲੈਂਦੇ ਹਨ ਤਾ ਤੁਹਾਡੇ ਢਿੱਡ ਕਿਉਂ ਪੀੜ ਹੋ ਰਹੀ ਹੈ? ਕੀ ਤੁਸੀਂ ਸ੍ਰ. ਨਵਜੋਤ ਸਿੰਘ ਸਿੱਧੂ ਦੀ ਮਹਿਰਾਜ ਰੈਲੀ ਵਿੱਚ ਲੋਕਾਂ ਨੂੰ ਜਾਣ ਤੋਂ ਨਹੀਂ ਰੋਕਿਆ? ਕੀ ਤੁਸੀਂ ਅੱਡੀ ਚੋਟੀ ਦਾ ਜ਼ੋਰ ਮਹਿਰਾਜ ਰੈਲੀ ਨੂੰ ਫੇਲ ਕਰਨ ਵਿੱਚ ਨਹੀਂ ਲਗਾਇਆ? ਕੀ ਤੁਹਾਨੂੰ ਮਹਿਰਾਜ ਰੈਲੀ ਤੋਂ ਬਾਅਦ ਆਪਣਾ ਸਿਆਸੀ ਭਵਿੱਖ ਅਸੁਰੱਖਿਅਤ ਮਹਿਸੂਸ ਰਿਹਾ ਹੈ? ਕੀ ਤੁਹਾਨੂੰ ਕੁਰਸੀ ਧੁੰਧਲੀ ਜਿਹੀ ਨੀ ਨਜ਼ਰ ਆ ਰਹੀ? ਤੇ ਨਾਲ ਹੀ ਉਹਨਾਂ ਲਿਖਿਆ ਇਹ ਪੰਜਾਬ ਦੀ ਜਨਤਾ ਹੈ, ਸਭ ਜਾਣਦੀ ਹੈ।
ਦੱਸਣਯੋਗ ਹੈ ਕਿ ਹਾਲ ਹੀ ‘ਚ ਦਿੱਲੀ ‘ਚ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ‘ਚ ਸੱਤਾਧਾਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਬਾਰੇ ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ‘ਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।