SYL ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਬੈਠਕ ਹੋਈ। ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪੁਰਾਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਕਿਸੇ ਨੂੰ ਵੀ ਪਾਣੀ ਦੇਣ ਦੇ ਹੱਕ ਵਿੱਚ ਨਹੀਂ ਹੈ।
ਪੰਜਾਬ ਦੇ CM ਮਾਨ ਨੇ ਕਿਹਾ ਕਿ ਇਸ ਮੁੱਦੇ ਤੇ ਅੱਜ ਵੀ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਯਮੁਨਾ ਤੋਂ ਪਾਣੀ ਲੈ ਲਵੋ, ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਹੜ੍ਹ ਆਏ ਸਨ ਤਾਂ ਉਦੋਂ ਅਸੀਂ ਕਿਹਾ ਸੀ ਕਿ ਪਾਣੀ ਲੈ ਲਵੋ। ਉਦੋਂ ਕਿਸੇ ਨੂੰ ਵੀ ਉਸ ਪਾਣੀ ਦੀ ਲੋੜ ਨਹੀਂ ਸੀ। ਹੁਣ ਉਹੀ ਲੋਕ ਸਾਡੇ ਕੋਲੋਂ ਪਾਣੀ ਮੰਗ ਰਹੇ ਹਨ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ, ਇਸ ਲਈ ਨਹਿਰ ਬਣਾਉਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਨਹਿਰ ਦਾ ਨਿਰਮਾਣ ਤਾ ਕਰ ਲਿਆ ਜਾਵੇ ਅਤੇ ਪਾਣੀ ਦੇਣ ਦਾ ਮਸਲਾ ਬਾਅਦ ਵਿੱਚ ਹੱਲ ਕੀਤਾ ਜਾ ਸਕਦਾ ਹੈ।
ਪਰ ਪੰਜਾਬ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦੋਂ ਸਾਡੇ ਕੋਲ ਦੇਣ ਲਈ ਪਾਣੀ ਹੀ ਨਹੀਂ ਹੈ ਤਾਂ ਨਹਿਰ ਬਣਾਉਣ ਦਾ ਕੀ ਮਤਲਬ ਹੈ? ਉਨ੍ਹਾਂ ਕਿਹਾ ਕਿ ਪੰਜਾਬ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਾਰੇ ਵੀ ਦੱਸਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਬਹੁਤ ਜ਼ਿਆਦਾ ਨਿਕਾਸੀ ਕਾਰਨ ਪੰਜਾਬ ਦੇ ਬਹੁਤੇ ਖੇਤਰ ਬਲੈਕ ਜ਼ੋਨ ਵਿੱਚ ਹਨ, ਇਸ ਲਈ ਪੰਜਾਬ ਕੋਲ ਕਿਸੇ ਵੀ ਰਾਜ ਨੂੰ ਪਾਣੀ ਦੇਣ ਦੀ ਤਾਕਤ ਨਹੀਂ ਹੈ।