ਸਕੂਲ ਆਫ਼ ਐਮੀਨੈਂਸ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ. ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਅੰਮ੍ਰਿਤਸਰ ਦੇ ਸਕੂਲ ਆਫ਼ ਐਮੀਨੈਂਸ ਵਿਖੇ 9 ਰੋਜ਼ਾ ਰਿਹਾਇਸ਼ੀ ਕੈਂਪ ਲਗਾਇਆ ਗਿਆ ਹੈ। ਇਸ ਕੈਪ ‘ਚ ਸੂਬੇ ਦੇ ਵੱਖ-ਵੱਖ ਸਕੂਲ ਆਫ਼ ਐਮੀਨੈਂਸ ਦੇ 600 ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ 360 ਰਣਨੀਤੀਆਂ ਸਿਖਾਈਆਂ ਜਾਣਗੀਆਂ।
ਹਰਜੋਤ ਬੈਂਸ ਨੇ ਦੱਸਿਆ ਕਿ ਇਹ ਕੈਂਪ 23 ਤੋਂ 31 ਦਸੰਬਰ ਤੱਕ ਲਗਾਇਆ ਜਾਵੇਗਾ। ਕੈਂਪ ਵਿਚ ਭਾਗ ਲੈਣ ਲਈ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਕੈਂਪ ਬਾਰੇ ਜਾਗਰੂਕ ਕੀਤਾ ਗਿਆ, ਜਿਸ ਉਪਰੰਤ 1500 ਦੇ ਕਰੀਬ ਮੈਡੀਕਲ ਅਤੇ ਨਾਨ-ਮੈਡੀਕਲ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਰਜਿਸਟ੍ਰੇਸ਼ਨ ਕੀਤੀ ਗਈ, ਜਿਸ ਉਪਰੰਤ ਪ੍ਰੀਖਿਆ, ਮੈਰਿਟ ਸੂਚੀ ਦੇ ਆਧਾਰ ‘ਤੇ ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਕੈਂਪ ਵਿਚ ਵਿਦਿਆਰਥੀਆਂ ਨੇ ਆਈ.ਆਈ.ਟੀ. ਜੇ.ਈ.ਈ (IIT JEE) ਅਤੇ NEET ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵੱਖ-ਵੱਖ ਨਾਮਵਰ ਸਹਿਭਾਗੀ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਦੁਆਰਾ ਕਰਵਾਈ ਜਾਵੇਗੀ।
ਉਹਨਾਂ ਕਿਹਾ ਵਰਕਸ਼ਾਪ ਵਿਚ ਨਾ ਸਿਰਫ਼ ਸਕੂਲ ਦੇ ਅਧਿਆਪਕ ਹੀ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ ਸਗੋਂ ਇੰਡਸਟਰੀ ਦੇ ਨਾਮਵਰ ਅਧਿਆਪਕ ਵੀ ਵਿਦਿਆਰਥੀਆਂ ਨਾਲ ਆਹਮੋ-ਸਾਹਮਣੇ ਹੋਣਗੇ। ਹਰਜੋਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਵੱਲ ਇਹ ਇੱਕ ਨਿਵੇਕਲਾ ਕਦਮ ਹੈ ਅਤੇ ਇਹ ਆਪਣੀ ਕਿਸਮ ਦਾ ਪਹਿਲਾ ਕੈਂਪ ਹੈ ਜਿਸ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ।