Good Friday 2025: ਗੁੱਡ ਫਰਾਈਡੇ ਨੂੰ ਈਸਾਈ ਧਰਮ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ। ਇਹ ਦਿਨ ਪ੍ਰਭੂ ਯੇਸ਼ੂ ਮਸੀਹ ਦੇ ਬਲੀਦਾਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਗੁੱਡ ਫਰਾਈਡੇ ਹਰ ਸਾਲ ਈਸਟਰ ਸੰਡੇ ਤੋਂ ਪਹਿਲਾਂ ਵਾਲੇ ਸ਼ੁੱਕਰਵਾਰ ਨੂੰ ਆਉਂਦਾ ਹੈ। ਇਸ ਸਾਲ ਇਹ ਤਿਉਹਾਰ 18 ਅਪ੍ਰੈਲ ਨੂੰ ਮਨਾਇਆ ਜਾਵੇਗਾ। ਆਓ ਤੁਹਾਨੂੰ ਗੁੱਡ ਫਰਾਈਡੇ ਦੀ ਮਹੱਤਤਾ ਅਤੇ ਇਤਿਹਾਸ ਦੱਸਦੇ ਹਾਂ।
ਗੁੱਡ ਫਰਾਈਡੇ ਕਿਉਂ ਮਨਾਇਆ ਜਾਂਦਾ ਹੈ?
ਬਾਈਬਲ ਦੇ ਅਨੁਸਾਰ, ਗੁੱਡ ਫਰਾਈਡੇ ਵਾਲੇ ਦਿਨ, ਪ੍ਰਭੂ ਯੇਸ਼ੂ ਨੂੰ ਰੋਮਨ ਗਵਰਨਰ ਪੋਂਟੀਅਸ ਪਿਲਾਤੁਸ ਦੇ ਹੁਕਮ ‘ਤੇ ਸੂਲੀ ‘ਤੇ ਚੜ੍ਹਾਇਆ ਗਿਆ ਸੀ। ਉਸ ਉੱਤੇ ਦੇਸ਼ਧ੍ਰੋਹ ਅਤੇ ਈਸ਼ਨਿੰਦਾ ਦਾ ਝੂਠਾ ਦੋਸ਼ ਲਗਾਇਆ ਗਿਆ ਸੀ। ਗੁੱਡ ਫਰਾਈਡੇ ਪ੍ਰਭੂ ਯੇਸ਼ੂ ਦੇ ਬਲੀਦਾਨ ਦਾ ਦਿਨ ਹੈ। ਉਸਨੇ ਮਨੁੱਖਜਾਤੀ ਦੇ ਪਾਪਾਂ ਦਾ ਪ੍ਰਾਸਚਿਤ ਕਰਨ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਈਸਾਈ ਧਰਮ ਦੇ ਅਨੁਸਾਰ, ਇਸ ਦਿਨ ਪ੍ਰਭੂ ਯੇਸ਼ੂ ਨੇ ਮਨੁੱਖਤਾ ਦੇ ਕਲਿਆਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ।
ਗੁੱਡ ਫਰਾਈਡੇ ਨਾਲ ਸਬੰਧਤ ਮਾਨਤਾਵਾਂ
ਗੁੱਡ ਫਰਾਈਡੇ ਦਾ ਇਤਿਹਾਸ ਪਹਿਲੀ ਸਦੀ ਵਿੱਚ ਯਰੂਸ਼ਲਮ ਵਿੱਚ ਵਾਪਰੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਯਿਸੂ ਮਸੀਹ, ਜਿਸਨੇ ਪਿਆਰ, ਦਇਆ ਅਤੇ ਮਾਫ਼ੀ ਦਾ ਸੰਦੇਸ਼ ਦਿੱਤਾ, ਨੂੰ ਉਸ ਸਮੇਂ ਦੇ ਧਾਰਮਿਕ ਅਤੇ ਰਾਜਨੀਤਿਕ ਨੇਤਾਵਾਂ ਦੁਆਰਾ ਖ਼ਤਰਾ ਮੰਨਿਆ ਜਾਂਦਾ ਸੀ। ਇਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸੂਲੀ ‘ਤੇ ਚੜ੍ਹਾਉਣ ਦੀ ਸਜ਼ਾ ਸੁਣਾਈ ਗਈ। ਗੁੱਡ ਫਰਾਈਡੇ ਜ਼ਰੂਰ ਸੋਗ ਦਾ ਦਿਨ ਹੈ, ਪਰ ਇਹ ਈਸਟਰ ਸੰਡੇ ਦੇ ਆਉਣ ਦੀ ਉਮੀਦ ਵੀ ਜਗਾਉਂਦਾ ਹੈ। ਇਹ ਦਿਨ ਯੇਸ਼ੂ ਦੇ ਪੁਨਰ-ਉਥਾਨ, ਮੌਤ ਉੱਤੇ ਜੀਵਨ ਦੀ ਜਿੱਤ ਅਤੇ ਪਾਪ ਉੱਤੇ ਮਾਫ਼ੀ ਦਾ ਪ੍ਰਤੀਕ ਹੈ।
ਗੁੱਡ ਫਰਾਈਡੇ ਕਿਵੇਂ ਮਨਾਇਆ ਜਾਂਦਾ ਹੈ?
ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਗੁੱਡ ਫਰਾਈਡੇ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਚਰਚ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਸਭਾਵਾਂ ਵਿੱਚ, ਯੇਸ਼ੂ ਦੇ ਸੂਲੀ ਉੱਤੇ ਚੜ੍ਹਾਏ ਜਾਣ ਦੀ ਕਹਾਣੀ ਪੜ੍ਹੀ ਜਾਂਦੀ ਹੈ, ਭਜਨ ਗਾਏ ਜਾਂਦੇ ਹਨ ਅਤੇ ਉਪਦੇਸ਼ ਦਿੱਤੇ ਜਾਂਦੇ ਹਨ।
ਇਸ ਤੋਂ ਇਲਾਵਾ, ਗੁੱਡ ਫਰਾਈਡੇ ‘ਤੇ ਕਈ ਚਰਚਾਂ ਵਿੱਚ ਵੇਅ ਆਫ਼ ਦ ਕਰਾਸ ਨਾਮਕ ਇੱਕ ਵਿਸ਼ੇਸ਼ ਪ੍ਰਾਰਥਨਾ ਰਸਮ ਵੀ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿੱਚ ਯੇਸ਼ੂ ਦੇ ਆਖਰੀ ਦਿਨਾਂ ਦੀਆਂ ਘਟਨਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਈਸਾਈ ਧਰਮ ਦੇ ਬਹੁਤ ਸਾਰੇ ਲੋਕ ਇਸ ਦਿਨ ਵਰਤ ਰੱਖਦੇ ਹਨ ਅਤੇ ਮਾਸਾਹਾਰੀ ਭੋਜਨ ਨਹੀਂ ਖਾਂਦੇ।
ਪੰਜਾਬ ਵਿੱਚ ਕਿਉਂ ਮਨਾਉਂਦੇ ਹਾਂ ਗੁੱਡ ਫਰਾਈਡੇ?
ਪੰਜਾਬ ਵਿੱਚ, ਗੁੱਡ ਫਰਾਈਡੇ ਵੀ ਦੂਜੇ ਈਸਾਈ ਧਰਮਾਂ ਵਾਂਗ ਹੀ ਮਨਾਇਆ ਜਾਂਦਾ ਹੈ। ਈਸਾਈ ਭਾਈਚਾਰੇ ਦੇ ਲੋਕ ਆਪਣੇ-ਆਪਣੇ ਚਰਚਾਂ ਵਿੱਚ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਵਰਤ ਰੱਖਦੇ ਹਨ। ਕੁਝ ਥਾਵਾਂ ‘ਤੇ, ਗੁੱਡ ਫਰਾਈਡੇ ‘ਤੇ ਵਿਸ਼ੇਸ਼ ਪ੍ਰਾਰਥਨਾ ਸੇਵਾਵਾਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਕਿਉਂਕਿ ਪੰਜਾਬ ਵਿੱਚ ਈਸਾਈ ਆਬਾਦੀ ਲਗਭਗ 3.48 ਲੱਖ ਹੈ। ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਈਸਾਈ ਪੰਜਾਬ ਦੇ ਕਈ ਸ਼ਹਿਰਾਂ ਜਿਵੇਂ ਕਿ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਵਿੱਚ ਰਹਿੰਦੇ ਹਨ। ਇਹ ਭਾਈਚਾਰੇ ਗੁੱਡ ਫਰਾਈਡੇ ਨੂੰ ਇੱਕ ਗੰਭੀਰ ਅਤੇ ਪਵਿੱਤਰ ਦਿਨ ਵਜੋਂ ਮਨਾਉਂਦੇ ਹਨ।
ਦਸ ਦਇਏ ਕਿ 19ਵੀਂ ਸਦੀ ਵਿੱਚ ਬ੍ਰਿਟਿਸ਼ ਰਾਜ ਦੌਰਾਨ, ਮਿਸ਼ਨਰੀ ਸੰਗਠਨ ਪੰਜਾਬ ਵਿੱਚ ਆਏ, ਜਿਵੇਂ ਕਿ: ਸੀਐਮਐਸ (ਚਰਚ ਮਿਸ਼ਨਰੀ ਸੋਸਾਇਟੀ), ਪ੍ਰੈਸਬੀਟੇਰੀਅਨ ਮਿਸ਼ਨ। ਇਨ੍ਹਾਂ ਸੰਗਠਨਾਂ ਨੇ ਸਕੂਲ, ਹਸਪਤਾਲ ਅਤੇ ਗਿਰਜਾਘਰ ਬਣਾਏ, ਜਿਸ ਕਰਕੇ ਪੰਜਾਬ ਵਿੱਚ ਵੀ ਈਸਾਈ ਧਰਮ ਦਾ ਪਰਚਾਰ ਹੋਇਆ। ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਹਰ ਧਰਮ ਨੂੰ ਸਤਿਕਾਰ ਮਿਲਦਾ ਹੈ।ਭਾਵੇਂ ਬੰਦੀ ਛੋੜ ਦਿਵਸ ਹੋਵੇ, ਈਦ ਹੋਵੇ, ਕ੍ਰਿਸਮਸ ਹੋਵੇ ਜਾਂ ਗੁੱਡ ਫਰਾਈਡੇ ਹੋਵੇ – ਲੋਕ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਹਿੱਸਾ ਲੈਂਦੇ ਹਨ। ਪੰਜਾਬ ਵਿੱਚ ਵੀ ਗੁੱਡ ਫਰਾਈਡੇ ਵਾਲੇ ਦਿਨ ਈਸਾਈ ਧਰਮ ਦੇ ਲੋਕ ਯੇਸ਼ੂ ਮਸੀਹ ਦੇ ਬਲੀਦਾਨ ਦੀ ਯਾਦ ਵਿੱਚ ਸੋਗ ਮਨਾਉਂਦੇ ਹਨ। ਇਸ ਦਿਨ, ਉਹ ਆਪਣੇ ਘਰਾਂ ਅਤੇ ਗਿਰਜਾਘਰਾਂ ਵਿੱਚ ਪ੍ਰਾਰਥਨਾ ਕਰਦੇ ਹਨ ਅਤੇ ਵਰਤ ਰੱਖਦੇ ਹਨ, ਅਤੇ ਯੇਸ਼ੂ ਦੇ ਬਲੀਦਾਨ ਨੂੰ ਯਾਦ ਕਰਦੇ ਹਨ।