ਖਾਲਸਾ ਮੇਰੋ ਰੂਪ ਹੈ ਖਾਸ
ਖਾਲਸਾ ਪੰਥ ਦੀ ਸਾਜਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਵੈਸਾਖੀ ਵਾਲੇ ਦਿਨ ਕੀਤੀ ਸੀ । ਵੈਸਾਖੀ ਦੇ ਦਿਹਾੜੇ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕੀਤੀ। ਇਸੇ ਪਵਿੱਤਰ ਅਸਥਾਨ ਤੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸਿੱਖੀ ਧਾਰਨ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ, ਉਸੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰੂ ਜੀ ਨੇ ਭਰੇ ਦੀਵਾਨ ਵਿਚ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ।
ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਨ ਵਿੱਚੋਂ ਪੰਜ ਸਿੰਘ ਆਪਣਾ ਸੀਸ ਗੁਰੂ ਚਰਨਾਂ ਵਿਚ ਭੇਟ ਕਰਨ ਲਈ ਉੱਠੇ। ਇਹ ਸਿੱਖ ਸਨ, ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਚੰਦ, ਭਾਈ ਮੁਹਕਮ ਚੰਦ ਤੇ ਭਾਈ ਸਾਹਿਬ ਚੰਦ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਨਵੇਂ ਬਸਤਰ ਤੇ ਸ਼ਸਤਰ ਪਹਿਨਾਏ। ਖੰਡੇ ਬਾਟੇ ਦੀ ਪਾਹੁਲ ਹੱਥੀਂ ਤਿਆਰ ਕਰ ਕੇ ਉਨ੍ਹਾਂ ਨੂੰ ਛਕਾਈ ਅਤੇ ਆਪਣੇ ਪਿਆਰਿਆਂ ਦੀ ਪਦਵੀ ਦਿੱਤੀ। ਇਨ੍ਹਾਂ ਸਭਨਾਂ ਦੇ ਨਾਵਾਂ ਨਾਲ ਸਿੰਘ ਪਦ ਲਾਇਆ ਗਿਆ। ਇਨ੍ਹਾਂ ਦੇ ਨਵੇਂ ਨਾਂ ਰੱਖੇ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ। ਇਨ੍ਹਾਂ ਦਾ ਪੁਰਾਣਾ ਕੁਲ ਵਰਣ ਨਾਸ ਕਰ ਕੇ ਖਾਲਸੇ ਦਾ ਰੂਪ ਬਖ਼ਸ਼ਿਆ। ਸਤਿਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਉਪਾਧੀ ਬਖਸ਼ਿਸ਼ ਕੀਤੀ। ਇਹ ਪੰਜ ਪਿਆਰੇ ਵੱਖ-ਵੱਖ ਇਲਾਕਿਆਂ, ਫਿਰਕਿਆਂ ਨਾਲ ਸਬੰਧਤ ਸਨ। ਗੁਰੂ ਸਾਹਿਬ ਨੇ ਇਨ੍ਹਾਂ ਦੇ ਨਾਂ ਨਾਲ ‘ਸਿੰਘ’ ਲਾਇਆ ਅਤੇ ਵਚਨ ਕੀਤਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖਤਮ ਅਤੇ ਅੱਜ ਤੋਂ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਹੋ।
ਖਾਲਸੇ ਦਾ ਅਰਥ ਸ਼ੁੱਧ, ਨਿਰਮਲ ਤੇ ਬਿਨਾਂ ਮਿਲਾਵਟ ਤੋਂ ਹੈ। ਜੇਕਰ ਇਹ ਆਖ ਲਈਏ ਕਿ ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਾ ਦਿਨ ਜ਼ੁਲਮ, ਬੇਇਨਸਾਫੀ, ਵਿਤਕਰੇ, ਜਬਰ, ਝੂਠ, ਪਖੰਡ, ਅਨਿਆਂ ਆਦਿ ਵਿਰੁੱਧ ਇਕ ਸੰਘਰਸ਼ ਦਾ ਬਿਗੁਲ ਬਣਿਆ, ਤਾਂ ਇਸ ‘ਚ ਕੋਈ ਅਤਿਕਥਨੀ ਨਹੀਂ ਹੋਵੇਗੀ। ਉੱਚੀ-ਸੁੱਚੀ ਜੀਵਨ-ਜਾਚ ਦਾ ਅਨੁਸਾਰੀ ਹੋਣਾ ਖਾਲਸੇ ਦਾ ਪਰਮ-ਧਰਮ ਕਰਤੱਵ ਹੈ।
ਖਾਲਸਾ ਮੇਰੋ ਰੂਪ ਹੈ ਖਾਸ । ਖਾਲਸੇ ਮਹਿ ਹੌ ਕਰੌ ਨਿਵਾਸ।
ਖਾਲਸਾ ਮੇਰੋ ਇਸ਼ਟ ਸੁਹਿਰਦ। ਖਾਲਸਾ ਮੇਰੋ ਕਹੀਅਤਿ ਬਿਰਦ।
ਖਾਲਸਾ ਮੇਰੋ ਪਿੰਡ ਪਰਾਨ। ਖਾਲਸਾ ਮੇਰੀ ਜਾਨ ਕੀ ਜਾਨ।
ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਮੇਰੋ ਸਜਨ ਸੂਰਾ।
ਸੇਸ ਰਸਨ ਸਾਰਦ ਸੀ ਬੁਧ। ਤਦਪ ਨ ਉਪਮਾ ਬਰਨਤ ਸੁਧ।
ਯਾ ਮੈ ਰੰਚ ਨ ਮਿਥਿਆ ਭਾਖੀ। ਪਾਰਬ੍ਰਹਮ ਗੁਰ ਨਾਨਕ ਸਾਖੀ।
ਖਾਲਸਾ ਮਨੁੱਖਤਾ ਦੀ ਸਰਬ ਸਮੇਂ ਲਈ ਅਤੇ ਸਰਬ ਸਥਾਨ ਲਈ ਕੀਮਤੀ ਵਿਰਾਸਤ ਹੈ। ਅੱਜ ਲੋੜ ਹੈ ਪੰਥਕ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਇੱਕ ਜੁੱਟ ਹੋਣ ਦੀ ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਸਕੀਏ ਅਤੇ ਆਪਣੀਆਂ ਮਹਾਨ ਪਰੰਪਰਾਵਾਂ ਅਨੁਸਾਰ ਸਿੱਖੀ ਸਰੂਪ ਅਤੇ ਚੰਗੇ ਕਿਰਦਾਰ ਵਾਲੇ ਬਣਾ ਸਕੀਏ।