ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ। ਇਸ ਦੌਰਾਨ ਕਾਂਗਰਸ ਨੇ ‘ਜਵਾਨ ਤੇ ਕਿਸਾਨ’ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਕਰਦਿਆਂ ਸਦਨ ’ਚੋਂ ਵਾਕਆਊਟ ਕੀਤਾ। ਪਹਿਲਾਂ ਸਦਨ ਦੀ ਕਾਰਵਾਈ 2 ਵਜੇ ਤਕ ਰੋਕ ਦਿੱਸੀ ਗਈ। ਜਿਸ ਤੋਂ ਬਾਅਦ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਵਿਧਾਇਕ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ ’ਚ ਦਾਖ਼ਲ ਹੋਏ ਸਨ। ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੰਜਾਬ ਵਿਧਾਨ ਸਭਾ ’ਚ ਇਹ ਪਲੇਠਾ ਭਾਸ਼ਣ ਸੀ। ਵਿੱਤ ਮੰਤਰੀ ਵੱਲੋਂ ਸਾਲ 2025-26 ਦਾ ਬਜਟ 26 ਮਾਰਚ ਨੂੰ ਪੇਸ਼ ਕੀਤਾ ਗਿਆ।
ਰਾਜਪਾਲ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਜਿਵੇਂ ਹੀ ਰਾਜਪਾਲ ਨੇ ਸਿੱਖਿਆ ਖੇਤਰ ’ਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣੀ ਸੀਟ ’ਤੇ ਖੜ੍ਹੇ ਹੋ ਕੇ ‘ਕਿਸਾਨ ਤੇ ਜਵਾਨ’ ਨਾਲ ਹੋਈ ਜ਼ਿਆਦਤੀ ਦਾ ਜ਼ਿਕਰ ਕਰਨ ਲੱਗੇ। ਉਨ੍ਹਾਂ ਪਟਿਆਲਾ ’ਚ ਕਰਨਲ ਤੇ ਉਸ ਦੇ ਪੁੱਤਰ ਦੀ ਪੁਲਸ ਵੱਲੋਂ ਕੁੱਟਮਾਰ ਕੀਤੇ ਜਾਣ ਅਤੇ ਕਿਸਾਨਾਂ ਨਾਲ ਹੋਈ ਜ਼ਿਆਦਤੀ ਦੇ ਮਾਮਲੇ ਨੂੰ ਉਭਾਰਿਆ। ਕਰੀਬ 15 ਮਿੰਟਾਂ ਮਗਰੋਂ ਵਿਰੋਧੀ ਧਿਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।