Saturday, April 27, 2024

Logo
Loading...
upload

ਭਾਰਤੀ ਸਿਆਸਤ

ਨਵਜੋਤ ਸਿੱਧੂ ਨੇ ਟਵੀਟ ਕਰਕੇ ਹਾਈਕਮਾਂਡ ਦੀ ਵਧਾਈ ਸਿਰਦਰਦੀ !

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ 7 ਜਨਵਰੀ ਨੂੰ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਰੈਲੀ ਦਾ ਐਲਾਨ ਕਰ ਦਿੱਤਾ ਹੈ । ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਸਿੱਧੂ ਨੇ ਟਵੀਟ ਕਰ ਲਿਖਿਆ, “ਅਗਲੀ ਮੀਟਿੰਗ ਬਠਿੰਡਾ, ਸਾਰਿਆਂ ਨੂੰ ਸੱਦਾ । ਪੋਸਟਰ ਵਿੱਚ ਪਹਿਲੀ ਵਾਰ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਨਜ਼ਰ ਆਈ ਹੈ ਪਰ ਪ੍ਰਤਾਪ ਸਿੰਘ ਸਮੇਤ ਸੂਬੇ ਦਾ ਹੋਰ ਕੋਈ ਵੀ ਵੱਡਾ ਆਗੂ ਪੋਸਟਰ ਵਿੱਚ ਨਜ਼ਰ ਨਹੀਂ ਆ ਰਿਹਾ ਹੈ । ਸਿੱਧੂ ਨੇ ਨਾਲ ਹੀ ਨਾਅਰਾ ਲਿਖਿਆ ਹੈ ‘ਜਿੱਤੇਗਾ ਪੰਜਾਬ,ਜਿੱਤੇਗੀ ਕਾਂਗਰਸ’। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਰਾਹੁਲ ਗਾਂਧੀ, ਕੌਮੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਕੇ ਦੇ ਨਾਲ ਸਿੱਧੂ ਸਮੇਤ ਵੜਿੰਗ ਧੜੇ ਦੀ ਮੀਟਿੰਗ ਤੋਂ ਬਾਅਦ ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਨਾਲ ਸਿੱਧੂ ਦੀ ਹਿਮਾਚਲ ਭਵਨ ਵਿੱਚ ਵੱਖ ਤੋਂ ਮੀਟਿੰਗ ਹੋਈ ਸੀ । ਜਿਸ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸੇ ਵਜ੍ਹਾ ਕਰਕੇ ਸਿੱਧੂ ਨੇ 7 ਜਨਵਰੀ ਦੀ ਮੀਟਿੰਗ ਦੇ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। 


ਪਰ ਉੱਥੇ ਹੀ ਬਠਿੰਡਾ ਰੈਲੀ ਵਿੱਚ ਜਿਸ ਤਰ੍ਹਾਂ ਨਾਲ ਰਾਜਾ ਵੜਿੰਗ ਦੀ ਫੋਟੋ ਲਗਾਈ ਗਈ ਅਤੇ ਸੂਬੇ ਦੇ ਹੋਰ ਆਗੂਆਂ ਨੂੰ ਨਜ਼ਰ ਅੰਦਾਜ ਕੀਤਾ ਗਿਆ ਹੈ ਉਸ ਤੋਂ ਸਾਫ ਹੈ ਕਿ ਸਿੱਧੂ ਰੁਕਣ ਵਾਲੇ ਨਹੀਂ ਹਨ। ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਦੇ ਲਈ ਪੰਜਾਬ ਕਾਂਗਰਸ ਵਿੱਚ ਵੱਡਾ ਭੂਚਾਲ ਲੈਕੇ ਆ ਸਕਦੇ ਹਨ ਜਿਸ ਨਾਲ ਕੌਮੀ ਕਾਂਗਰਸ ਦੀ ਸਿਰਦਰਦੀ ਵਧਣ ਵਾਲੀ ਹੈ।


ਦਸੰਬਰ ਵਿੱਚ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦੇ ਮੇਹਰਾਜ ਰੈਲੀ ਕੀਤੀ ਸੀ। ਇਸ ਵਿੱਚ ਕਾਂਗਰਸ ਹਾਈਕਮਾਨ ਤੋਂ ਇਲਾਵਾ ਸੂਬੇ ਦੇ ਕਿਸੇ ਵੀ ਆਗੂ ਦੀ ਤਸਵੀਰ ਨਹੀਂ ਸੀ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਨਸੀਹਤ ਦਿੱਤੀ ਸੀ ਕਿ ਉਹ ਆਪਣਾ ਵੱਖ ਤੋਂ ਮੰਚ ਨਾ ਸਜਾਉਣ ਅਤੇ ਪਾਰਟੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਣ। ਪਹਿਲਾਂ ਹੀ ਸਿੱਧੂ ਦੀ ਪ੍ਰਧਾਨਗੀ ਵਿੱਚ 77 ਤੋਂ 17 ਸੀਟਾਂ ਹੀ ਰਹਿ ਗਈਆਂ ਹਨ । ਇਸ ਤੋਂ ਬਾਅਦ 9 ਸਾਬਕਾ ਅਤੇ ਮੌਜੂਦਾ ਵਿਧਾਇਕਾਂ ਨੇ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਲਈ ਹਾਈਕਮਾਨ ਨੂੰ ਅਪੀਲ ਕੀਤੀ ਸੀ। ਰਾਜਾ ਵੜਿੰਗ ਅਤੇ ਪਰਗਟ ਸਿੰਘ ਨੇ ਵੀ ਸਿੱਧੂ ਨੂੰ ਨਸੀਹਤ ਦਿੱਤੀ ਸੀ ਕਿ ਉਹ ਅਨੁਸ਼ਾਸਨਹੀਨਤਾ ਨਾ ਵਿਖਾਉਣ ।






Editor | 17:24 PM, Mon Jan 01, 2024

ਬਿਕਰਮ ਸਿੰਘ ਮਜੀਠੀਆ ਅੱਜ ਮੁੜ SIT ਅੱਗੇ ਹੋਏ ਪੇਸ਼

ਸ਼ਿਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਮੁੜ SIT ਅੱਗੇ ਪੇਸ਼ ਹੋਏ। ਜਿੱਥੇ ਅੱਜ ਉਨਾਂ ਕੋਲੋਂ ਡ੍ਰਗਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਦਈਏ ਕਿ ਇਸ ਤੋਂ ਪਹਿਲਾਂ ਤੋਂ ਬਿਕਰਮ ਮਜੀਠੀਆ ਨੂੰ 27 ਦਸੰਬਰ ਨੂੰ ਮੁੜ ਸੱਦਿਆ ਗਿਆ ਸੀ ਪਰ ਮਜੀਠੀਆ ਨੇ ਪੇਸ਼ ਨਹੀਂ ਹੋਏ। ਫਿਰ 18 ਦਸੰਬਰ ਨੂੰ ਮਜੀਠੀਆ SIT ਅੱਗੇ ਪੇਸ਼ ਹੋਏ ਸੀ , ਜਿੱਥੇ ਉਨਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤੀ ਗਈ ਸੀ। ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਇਸ ਸਿੱਟ ਵਿੱਚ ਰਣਜੀਤ ਸਿੰਘ ਢਿੱਲੋਂ,ਏਸੀਪੀ ਹਰਵਿੰਦਰ ਸਿੰਘ ਵਿਰਕ ਤੇ ਡੀਐੱਸਪੀ ਜਸਵਿੰਦਰ ਸਿੰਘਟਿਵਾਣਾ ਸਮੇਤ ਹੋਰ ਮੈਂਬਰ ਵੀ ਸ਼ਾਮਲ ਹਨ।


ਕੀ ਹੈ ਮਾਮਲਾ 

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਂਗਰਸ ਪਾਰਟੀ ਦੀ ਚਰਨਜੀਤ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਮੋਹਾਲੀ ਵਿੱਚ ਦਰਜ ਕੀਤਾ ਗਿਆ ਸੀ। ਐਸਆਈਟੀ ਨੇ ਉਨ੍ਹਾਂ ਨੂੰ 11 ਦਸੰਬਰ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਸਨ।


Editor | 12:32 PM, Sat Dec 30, 2023

ਬਾਜਵਾ ‘ਤੇ ਭੜਕੇ ਸਿੱਧੂ, ਫੋਟੋ ਸ਼ੇਅਰ ਕਰ ਪੁੱਛੇ ਸਵਾਲ ‘ਤੇ ਸਵਾਲ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕਰਦੇ ਹੋਏ ਉਹਨਾਂ 'ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇੱਕ ਫੋਟੋ ਸ਼ੇਅਰ ਕਰ ਬਾਜਵਾ ਨੂੰ ਸਵਾਲ ਪੁੱਛੇ ਹਨ ਤੇ ਨਾਲ ਹੀ ਕੈਪਸ਼ਨ ‘ਚ ਧੰਨਵਾਦ ਲਿਖਿਆ ਹੈ। ਸਿੱਧੂ ਨੇ ਬਾਜਵਾ ਨੂੰ ਪੁੱਛਿਆ ਕਿ ਜਦੋਂ ਕੈਪਟਨ ਦੀ ਸਰਕਾਰ ਸਾਢੇ 4 ਸਾਲ ਸੱਤਾ 'ਚ ਆਈ ਸੀ, ਇਸ ਸਮੇਂ ਦੌਰਾਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਘਰ-ਘਰ ਨੌਕਰੀਆਂ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਵਾਅਦੇ ਕਰਕੇ ਪੰਜਾਬ ਨਾਲ ਧੋਖਾ ਕੀਤਾ ਹੈ, ਕੀ ਇਹ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਨਹੀਂ ਸੀ

ਇਸ ਤੋਂ ਬਾਅਦ ਸਿੱਧੂ ਨੇ ਬਾਜਵਾ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਚਰਨਜੀਤ ਚੰਨੀ ਆਇਆ, ਅਕਾਲੀਆਂ ਦੇ ਚਹੇਤਿਆਂ ਨੂੰ DGP ਲਾਇਆ ਗਿਆ, AG ਲਾਇਆ ਗਿਆ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਅਤੇ ਅਕਾਲੀਆਂ ਨਾਲ ਅੱਟੀ-ਸੱਟੀ ਕੀਤੀ ਗਈ, ਉਦੋਂ ਇਕ ਹੀ ਬੰਦੇ ਨਵਜੋਤ ਸਿੰਘ ਸਿੱਧੂ ਨੇ ਕਿਸੇ ਅਹੁਦੇ ਦੀ ਪਰਵਾਹ ਕੀਤੇ ਬਗੈਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਨਿਆਂ ਦੀ ਮੰਗ ਕੀਤੀ ਤੇ ਤੁਸੀਂ ਕੀ ਕੀਤਾ? 

ਇਸਦੇ ਨਾਲ ਹੀ ਆਖਰ ‘ਚ ਲਿਖਿਆ ਗਿਆ ਕਿ ਬਾਜਵਾ ਸਾਬ, ਜੇਕਰ ਇੱਕ ਆਮ ਵਰਕਰ ਦੀ ਹੈਸੀਅਤ ਨਾਲ ਅੱਠ ਤੋਂ ਦੱਸ ਹਜਾਰ ਬੰਦਾ ਸ੍ਰ. ਨਵਜੋਤ ਸਿੰਘ ਸਿੱਧੂ ਇਕੱਠਾ ਕਰ ਲੈਂਦੇ ਹਨ ਤਾ ਤੁਹਾਡੇ ਢਿੱਡ ਕਿਉਂ ਪੀੜ ਹੋ ਰਹੀ ਹੈ? ਕੀ ਤੁਸੀਂ ਸ੍ਰ. ਨਵਜੋਤ ਸਿੰਘ ਸਿੱਧੂ ਦੀ ਮਹਿਰਾਜ ਰੈਲੀ ਵਿੱਚ ਲੋਕਾਂ ਨੂੰ ਜਾਣ ਤੋਂ ਨਹੀਂ ਰੋਕਿਆ? ਕੀ ਤੁਸੀਂ ਅੱਡੀ ਚੋਟੀ ਦਾ ਜ਼ੋਰ ਮਹਿਰਾਜ ਰੈਲੀ ਨੂੰ ਫੇਲ ਕਰਨ ਵਿੱਚ ਨਹੀਂ ਲਗਾਇਆ? ਕੀ ਤੁਹਾਨੂੰ ਮਹਿਰਾਜ ਰੈਲੀ ਤੋਂ ਬਾਅਦ ਆਪਣਾ ਸਿਆਸੀ ਭਵਿੱਖ ਅਸੁਰੱਖਿਅਤ ਮਹਿਸੂਸ ਰਿਹਾ ਹੈ? ਕੀ ਤੁਹਾਨੂੰ ਕੁਰਸੀ ਧੁੰਧਲੀ ਜਿਹੀ ਨੀ ਨਜ਼ਰ ਆ ਰਹੀ? ਤੇ ਨਾਲ ਹੀ ਉਹਨਾਂ ਲਿਖਿਆ ਇਹ ਪੰਜਾਬ ਦੀ ਜਨਤਾ ਹੈ, ਸਭ ਜਾਣਦੀ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਦਿੱਲੀ 'ਚ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ 'ਚ ਸੱਤਾਧਾਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਬਾਰੇ ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ 'ਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।


Editor | 13:17 PM, Fri Dec 29, 2023

CM ਮਾਨ ਅੱਜ ਵਿਕਾਸ ਕਾਰਜਾਂ ਨੂੰ ਲੈ ਕੇ ਕਰਨਗੇ ਮੀਟਿੰਗ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦਾ ਦੌਰਾਨ ਕਰਨਗੇ। ਇਸ ਦੌਰੇ ਦੌਰਾਨ CM ਮਾਨ ਸਥਾਨਕ ਵਿਧਾਇਕਾਂ ਅਤੇ ਅਫ਼ਸਰਾਂ ਨਾਲ ਮੀਟਿੰਗ ਕਰ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਜਾਣਕਾਰੀ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਸਰਕਟ ਹਾਊਸ ਵਿਖੇ ਰੱਖੀ ਗਈ ਹੈ।


Editor | 12:13 PM, Fri Dec 29, 2023

SYL ਦੇ ਮੁੱਦੇ ਤੇ ਪੰਜਾਬ ਅਤੇ ਹਰਿਆਣਾ ਵਿਚਾਲੇ ਹੋਈ ਬੈਠਕ ਤੋਂ ਬਾਅਦ CM ਮਾਨ ਦਾ ਬਿਆਨ

SYL ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਬੈਠਕ ਹੋਈ। ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪੁਰਾਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਕਿਸੇ ਨੂੰ ਵੀ ਪਾਣੀ ਦੇਣ ਦੇ ਹੱਕ ਵਿੱਚ ਨਹੀਂ ਹੈ। 

ਪੰਜਾਬ ਦੇ CM ਮਾਨ ਨੇ ਕਿਹਾ ਕਿ ਇਸ ਮੁੱਦੇ ਤੇ ਅੱਜ ਵੀ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਯਮੁਨਾ ਤੋਂ ਪਾਣੀ ਲੈ ਲਵੋ, ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹਨਾਂ  ਕਿਹਾ ਕਿ ਜਦੋਂ ਹੜ੍ਹ ਆਏ ਸਨ ਤਾਂ ਉਦੋਂ ਅਸੀਂ ਕਿਹਾ ਸੀ ਕਿ ਪਾਣੀ ਲੈ ਲਵੋ। ਉਦੋਂ ਕਿਸੇ ਨੂੰ ਵੀ ਉਸ ਪਾਣੀ ਦੀ ਲੋੜ ਨਹੀਂ ਸੀ। ਹੁਣ ਉਹੀ ਲੋਕ ਸਾਡੇ ਕੋਲੋਂ ਪਾਣੀ ਮੰਗ ਰਹੇ ਹਨ।

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ, ਇਸ ਲਈ ਨਹਿਰ ਬਣਾਉਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਨਹਿਰ ਦਾ ਨਿਰਮਾਣ ਤਾ ਕਰ ਲਿਆ ਜਾਵੇ ਅਤੇ ਪਾਣੀ ਦੇਣ ਦਾ ਮਸਲਾ ਬਾਅਦ ਵਿੱਚ ਹੱਲ ਕੀਤਾ ਜਾ ਸਕਦਾ ਹੈ। 

ਪਰ ਪੰਜਾਬ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦੋਂ ਸਾਡੇ ਕੋਲ ਦੇਣ ਲਈ ਪਾਣੀ ਹੀ ਨਹੀਂ ਹੈ ਤਾਂ ਨਹਿਰ ਬਣਾਉਣ ਦਾ ਕੀ ਮਤਲਬ ਹੈ? ਉਨ੍ਹਾਂ ਕਿਹਾ ਕਿ ਪੰਜਾਬ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਾਰੇ ਵੀ ਦੱਸਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਬਹੁਤ ਜ਼ਿਆਦਾ ਨਿਕਾਸੀ ਕਾਰਨ ਪੰਜਾਬ ਦੇ ਬਹੁਤੇ ਖੇਤਰ ਬਲੈਕ ਜ਼ੋਨ ਵਿੱਚ ਹਨ, ਇਸ ਲਈ ਪੰਜਾਬ ਕੋਲ ਕਿਸੇ ਵੀ ਰਾਜ ਨੂੰ ਪਾਣੀ ਦੇਣ ਦੀ ਤਾਕਤ ਨਹੀਂ ਹੈ।

Editor | 12:07 PM, Fri Dec 29, 2023

ਜਾਖੜ ਨੇ ਪੰਜਾਬ ਸਰਕਾਰ ‘ਤੇ ਸਿਆਸਤ ਕਰਨ ਦਾ ਲਗਾਇਆ ਇਲਜ਼ਾਮ

ਦੇਸ਼ ਇਸ ਵਾਰ 75ਵਾਂ ਗਣਤੰਤਰ ਦਿਹਾੜਾ ਮਨਾਉਂਣ ਜਾ ਰਿਹਾ ਹੈ, ਇਸ  ਮੌਕੇ ਵੱਖ-ਵੱਖ ਸੂਬਿਆਂ ਦੀਆਂ ਝਾਂਕੀਆਂ ਕਰਤੱਵਿਆ ਪੱਥ ਉੱਤੇ ਹੋਣ ਵਾਲੀ ਪਰੇਡ ਵਿੱਚ ਹਿੱਸਾ ਲੈਣਗੀਆਂ।  26 ਜਨਵਰੀ ਮੌਕੇ ਗਣਤੰਤਰ ਦਿਵਸ ਪਰੇਡ ਵਿਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖੇ ਜਾਣ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਵਿਰੋਧ ਕੀਤਾ ਹੈ। ਭਗਵੰਤ ਮਾਨ ਦੇ ਇਸ ਵਿਰੋਧ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਪਿਛਲੀ ਵਾਰ ਅਤੇ ਇਸ ਵਾਰ ਪੰਜਾਬ ਦੀ ਝਾਕੀ ਪਰੇਡ 'ਚ ਸ਼ਾਮਲ ਨਾ ਕਰਕੇ ਸੂਬੇ ਨਾਲ ਵਿਤਕਰਾ ਕੀਤਾ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ 17 ਸਾਲਾਂ ਤੋਂ 9 ਵਾਰ ਵੱਖ-ਵੱਖ ਕਾਰਨਾਂ ਕਰਕੇ ਪੰਜਾਬ ਦੀ ਝਾਕੀ ਪਰੇਡ 'ਚ ਸ਼ਾਮਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਹਰ ਵਾਰ ਝਾਕੀ ਕੱਢਣ ਦਾ ਮੌਕਾ ਨਹੀਂ ਮਿਲਦਾ।


ਜਾਖੜ ਨੇ ਕਿਹਾ ਕਿ ਮੈਂ ਵੀ ਮੰਨਦਾ ਹਾਂ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦੀ ਝਾਕੀ ਪਰੇਡ 'ਚ ਸ਼ਾਮਲ ਨਾ ਕੀਤੇ ਜਾਣ ਦਾ ਕਿਸੇ ਮੁੱਖ ਮੰਤਰੀ ਨੇ ਇਤਰਾਜ਼ ਨਹੀਂ ਕੀਤਾ, ਜਿੰਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ।






Editor | 17:20 PM, Thu Dec 28, 2023

upload
upload

BREAKING : ਜਾਖੜ ਨੇ ਭਗਵੰਤ ਮਾਨ ਤੋਂ ਮੰਗਿਆ 8000 ਕਰੋੜ ਦਾ ਹਿਸਾਬ

BJP ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ  ਉੱਪਰ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5000 ਕਰੋੜ ਰੁਪਏ ਦੀ ਗੱਲ ਕਰ ਰਹੇ ਹਨ ਪਰ ਇਹ ਨਹੀਂ ਦੱਸਦੇ ਕਿ ਸੂਬਾ ਸਰਕਾਰ ਕੋਲ ਕੇਂਦਰ ਦੇ 8000 ਕਰੋੜ ਰੁਪਏ ਅਣਵਰਤੇ ਪਏ ਹਨ। ਜਾਖੜ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਉਸ ਨੂੰ ਤਾਂ ਵਰਤ ਲੈਣ ਬਾਕੀ ਗੱਲ ਫਿਰ ਕਰਨ। 


ਸੁਨੀਲ ਜਾਖੜ ਬੁੱਧਵਾਰ ਨੂੰ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਰਾਜਪੁਰਾ ਪੁੱਜੇ ਸਨ। ਇਸ ਦੌਰਾਨ ਜਾਖੜ ਨੇ ਕਿਹਾ ਕਿ ਰੇਤ ਦੀਆਂ ਕੀਮਤਾਂ ਦੇ ਸਬੰਧ ਵਿੱਚ ‘ਆਪ’ ਸਰਕਾਰ ਦੇ ਮੰਤਰੀ ਨੇ ਖ਼ੁਦ ਮੰਨਿਆ ਹੈ ਕਿ ਰੇਤਾ ਪੰਜ ਰੁਪਏ ਦੀ ਥਾਂ 45 ਰੁਪਏ ਦਾ ਵਿਕ ਰਿਹਾ ਹੈ।  ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ 20 ਹਜ਼ਾਰ ਕਰੋੜ ਰੁਪਏ ਰੇਤੇ ਵਿੱਚੋਂ ਤੇ 40 ਹਜ਼ਾਰ ਕਰੋੜ ਰੁਪਏ ਐਕਸਾਈਜ਼ ਵਿੱਚੋਂ ਕੱਢਣਗੇ। 


ਉਨ੍ਹਾਂ ਕਿਹਾ ਕਿ ਸੀਐਮ ਮਾਨ ਪੈਸਾ ਕੱਢ ਵੀ ਰਹੇ ਹਨ ਪਰ ਉਹ ਪੈਸਾ ਪੰਜਾਬ ਦੇ ਖ਼ਜ਼ਾਨੇ ਵਿੱਚ ਨਹੀਂ ਜਾ ਰਿਹਾ ਸਗੋਂ ਦਿੱਲੀ ਜਾ ਰਿਹਾ ਹੈ। ਉਨ੍ਹਾਂ ਤਨਜ਼ ਕੱਸਿਆ ਕਿ ਪੰਜਾਬ ਦਾ ਅਸਲੀ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਹੈ, ਭਗਵੰਤ ਮਾਨ ਤਾਂ ਸਿਰਫ ਮੁਖੌਟਾ ਹੈ।

Editor | 12:31 PM, Thu Dec 28, 2023

ਸੁਖਬੀਰ ਬਾਦਲ ਆਪਣੇ ਹੀ ਬਿਆਨ ‘ਤੇ ਘਿਰੇ, ਭਾਜਪਾ ਆਗੂਆਂ ਨੇ ਜਤਾਇਆ ਇਤਰਾਜ਼

NDA ਅਤੇ INDIA ਗਠਜੋੜ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਸਰਗਰਮ ਹੋ ਗਿਆ ਹੈ। ਅਕਾਲੀ ਦਲ ਸਿੱਖਾਂ ਨੂੰ ਇਕਜੁੱਟ ਕਰਨ ਵਿਚ ਲੱਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਨੂੰ ਇਕਜੁੱਟ ਕਰਨ ਲਈ ਮੁਸਲਮਾਨਾਂ ਦੀ ਮਿਸਾਲ ਇਸ ਤਰ੍ਹਾਂ ਦਿੱਤੀ ਕਿ ਉਹ ਆਪ ਹੀ ਵਿਵਾਦਾਂ ਵਿੱਚ ਘਿਰ ਗਏ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਦੇਸ਼ ‘ਚ ਮੁਸਲਿਮ ਆਬਾਦੀ 18 ਫੀਸਦੀ ਹੈ ਪਰ ਉਹ ਇਕਜੁੱਟ ਨਹੀਂ ਹਨ, ਉਨ੍ਹਾਂ ਕੋਲ ਕੋਈ ਲੀਡਰਸ਼ਿਪ ਨਹੀਂ ਹੈ, ਇਸੇ ਕਰਕੇ ਉਹ ਬਾਬਰੀ ਮਸਜਿਦ ਦੀ ਲੜਾਈ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕਜੁੱਟ ਹਨ ਪਰ ਕੁਝ ਤਾਕਤਾਂ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਸਿੱਖਾਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ

ਸੁਖਬੀਰ ਬਾਦਲ ਦੇ ਇਸ ਬਿਆਨ ‘ਤੇ ਭਾਜਪਾ ਦੇ ਸੀਨੀਅਰ ਆਗੂ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲ ਨੂੰ ਅਯੁੱਧਿਆ ਵਿੱਚ ਵਿਵਾਦਤ ਢਾਂਚੇ ਦੇ ਸਮਰਥਕਾਂ ਦੀ ਹਾਰ ਤੋਂ ਦੁਖੀ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਤੁਹਾਡੇ ਮਨ ਵਿੱਚ ਹੈ, ਸਿੱਧਾ ਬੋਲੋ। ਘੁੰਡ ਕੱਢ ਕੇ ਨਾ ਨੱਚੋ, ਦੇਸ਼ ਦੀ ਜਨਤਾ ਹੁਣ ਸਮਝ ਚੁੱਕੀ ਹੈ ਕਿ ਬਾਦਲ ਚੋਣਾਂ ਲੜਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਲੜਾਈ ਨਾ ਕਿਸੇ ਨੇ ਜਿੱਤੀ ਹੈ ਅਤੇ ਨਾ ਹੀ ਕੋਈ ਹਾਰਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸਾਰੀਆਂ ਧਿਰਾਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਸ਼ਾਂਤਮਈ ਹੱਲ ਕੱਢਿਆ ਗਿਆ। ਹੁਣ ਰਾਮ ਮੰਦਿਰ ਦਾ ਨਿਰਮਾਣ ਹੋ ਗਿਆ ਹੈ ਅਤੇ ਸਰਕਾਰ ਨੇ ਮਸਜਿਦ ਬਣਾਉਣ ਲਈ ਅਯੁੱਧਿਆ ਵਿੱਚ ਜ਼ਮੀਨ ਵੀ ਦਿੱਤੀ ਹੈ।

ਇਸਦੇ ਨਾਲ ਹੀ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਤੰਜ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਅਜਿਹੇ ਬਿਆਨਾਂ ਨਾਲ ਕਦੇ ਵੀ ਸੱਤਾ ਵਿੱਚ ਨਹੀਂ ਆ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਤੋਂ ਬਿਨਾਂ ਅਕਾਲੀ ਦਲ ਪੰਜਾਬ ਵਿੱਚ ਕਦੇ ਵੀ ਸਰਕਾਰ ਨਹੀਂ ਬਣਾ ਸਕਦਾ। ਅਜਿਹੇ ਬਿਆਨ ਦੇ ਕੇ ਸੁਖਬੀਰ ਆਪਣਾ ਅਤੇ ਕੌਮ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਧਰਮ ਦੇ ਨਾਂ ‘ਤੇ ਸੱਤਾ ‘ਚ ਆਉਣਾ ਚਾਹੁੰਦੇ ਹਨ। ਇਸ ਦੌਰਾਨ ਹਰਜੀਤ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿੱਖਾਂ ਦੇ ਕਈ ਮਸਲੇ ਹੱਲ ਕੀਤੇ ਹਨ। ਸਰਕਾਰ ਨੇ 300 ਨਾਵਾਂ ਦੀ ਕਾਲੀ ਸੂਚੀ ਖ਼ਤਮ ਕਰ ਦਿੱਤੀ ਹੈ। ਜਿਸ ਕਾਰਨ 36 ਸਾਲਾਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਆਪਣੇ ਦੇਸ਼ ਨਹੀਂ ਆ ਸਕੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਭਰ ਵਿੱਚ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ। ਕਰਤਾਰਪੁਰ ਲਾਂਘੇ ਅਤੇ 1984 ਦੇ ਸਿੱਖ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਵੀ ਉਨ੍ਹਾਂ ਦੇ ਕਾਰਨ ਹੀ ਸ਼ੁਰੂ ਹੋਈ ਹੈ।


Editor | 18:04 PM, Wed Dec 27, 2023

ਬਿਕਰਮ ਸਿੰਘ ਮਜੀਠੀਆ ਅੱਜ SIT ਅੱਗੇ ਨਹੀਂ ਹੋਣਗੇ ਪੇਸ਼

ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ SIT ਵੱਲੋਂ ਅੱਜ ਭਾਵ 27 ਦਸੰਬਰ ਨੂੰ ਸਵੇਰੇ 11.00 ਵਜੇ ਤਲਬ ਕੀਤਾ ਗਿਆ ਸੀ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਮਜੀਠੀਆ ਅੱਜ SIT ਅੱਗੇ ਪੇਸ਼ ਨਹੀਂ ਹੋਣਗੇ। ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪਿਛਲੀ ਪੇਸ਼ੀ ਵੇਲੇ ਮਜੀਠੀਆ ਨੇ SIT ਨੂੰ ਕਿਹਾ ਸੀ ਕਿ ਸ਼ਹੀਦੀ ਹਫ਼ਤੇ ਦੌਰਾਨ ਅਗਲੀ ਤਾਰੀਖ਼ ਨਾ ਰੱਖੀ ਜਾਵੇ ਅਤੇ ਇਹ ਗੱਲ On Camera ਕਹੀ ਗਈ ਸੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ SIT ਨੇ ਮਜੀਠੀਆ ਨੂੰ ਕੁਝ ਲਿਖਤੀ ਸਵਾਲ ਦਿੱਤੇ ਹਨ, ਜਿਨ੍ਹਾਂ ਦਾ ਆਉਂਦੇ ਸਮੇਂ ਵਿਚ ਲਿਖ਼ਤੀ ਜਵਾਬ ਦੇ ਦਿੱਤਾ ਜਾਵੇਗਾ।


ਦੱਸ ਦਈਏ ਕੀ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ 11 ਦਸੰਬਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ। ਬਿਕਰਮ ਮਜੀਠੀਆ ਨੂੰ 18 ਦਸੰਬਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਇਹ ਨੋਟਿਸ ਉਨ੍ਹਾਂ ਨੂੰ 2021 ਦੇ ਪੁਰਾਣੇ ਐਨਡੀਪੀਐਸ ਮਾਮਲੇ ਵਿੱਚ ਭੇਜਿਆ ਗਿਆ ਸੀ। ਇਸ ਮਾਮਲੇ ਚ ਉਨ੍ਹਾਂ ਨੂੰ ਜਮਾਨਤ ਮਿਲੀ ਹੋਈ ਹੈ। ਨੋਟਿਸ ਮਿਲਣ ਤੋਂ ਬਾਅਦ ਮਜੀਠੀਆ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਮੀਦ ਸੀ ਕੀ ਮੁੱਖ ਮੰਤਰੀ ਉਨ੍ਹਾਂ ਨੂੰ ਫੋਨ ਕਰਣਗੇ, ਪਰ ਉਨ੍ਹਾਂ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਨੋਟਿਸ ਮਿਲਿਆ ਹੈ।


ਕੀ ਹੈ ਪੂਰਾ ਮਾਮਲਾ


ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਬਿਕਰਸ ਸਿੰਘ ਮਜੀਠੀਆ ਖਿਲਾਫ ਮੋਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ੍ਹ ਗਏ ਸਨ। 10 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ 11 ਅਗਸਤ ਨੂੰ ਉਹ ਜੇਲ੍ਹ ਚੋਂ ਬਾਹਰ ਆਏ ਸਨ।

Editor | 12:04 PM, Wed Dec 27, 2023

ਭਰਤ ਇੰਦਰ ਚਾਹਲ ਵਿਜੀਲੈਂਸ ਸਾਹਮਣੇ ਹੋਏ ਪੇਸ਼, 4 ਘੰਟੇ ਤੋਂ ਵੱਧ ਸਮੇਂ ਤਕ ਹੋਈ ਪੁੱਛਗਿੱਛ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਬੀਤੇ ਦਿਨ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ 4 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਭਰਤ ਇੰਦਰ ਸਿੰਘ ਚਾਹਲ ਨੂੰ ਅਗਲੇ ਹਫ਼ਤੇ ਮੁੜ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਜਾ ਸਕਦਾ ਹੈ।  

ਦੱਸਣਯੋਗ ਹੈ ਕਿ ਵਿਜੀਲੈਂਸ ਦੀ ਟੀਮ ਨੇ 27 ਸਤੰਬਰ ਨੂੰ ਭਰਤ ਇੰਦਰ ਚਾਹਲ ਦੇ ਘਰ ਛਾਪਾ ਮਾਰਿਆ ਸੀ।  ਵਿਜੀਲੈਂਸ ਅਨੁਸਾਰ ਮਾਰਚ 2017 ਤੋਂ ਸਤੰਬਰ 2021 ਤਕ ਦੀ ਆਮਦਨ ਤੇ ਖਰਚੇ ਦੀ ਜਾਂਚ ਕੀਤੀ ਗਈ ਜਿਸ ਵਿੱਚ ਪਤਾ ਲੱਗਾ ਕਿ ਪਰਿਵਾਰ ਦੀ ਕੁੱਲ ਆਮਦਨ 7 ਕਰੋੜ 85 ਲੱਖ 16 ਹਜ਼ਾਰ 905 ਰੁਪਏ ਸੀ। ਜਦੋਂ ਖਰਚੇ ਦਾ ਹਿਸਾਬ ਲਾਇਆ ਗਿਆ ਤਾਂ ਖਰਚਾ 31 ਕਰੋੜ 79 ਲੱਖ 89 ਹਜ਼ਾਰ 11 ਰੁਪਏ ਸੀ। ਇਸ ਕਾਰਨ ਵਿਜੀਲੈਂਸ ਨੇ ਭਰਤ ਇੰਦਰ ਚਾਹਲ ਖਿਲਾਫ ਮਾਮਲਾ ਦਰਜ ਕੀਤਾ ਹੈ।


Editor | 11:59 AM, Wed Dec 27, 2023

upload