Mohali News: ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੈਟਰੋਲ, ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਧਾਏ ਜਾਣ ਦੇ ਵਿਰੋਧ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਦੁਆਰਾ ਲਏ ਗਏ ਇਹ ਲੋਕ ਵਿਰੋਧੀ ਤੇ ਗਰੀਬ ਮਾਰੂ ਫੈਸਲੇ ਬਿਨਾਂ ਦੇਰ ਵਾਪਸ ਲਏ ਜਾਣ। ਇਹ ਮੁਜ਼ਾਹਰਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲਿਆ, ਜਿਸ ਤੋਂ ਬਾਅਦ ਮੋਹਾਲੀ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਦਿਤਾ ਗਿਆ।
ਇਸ ਤੋਂ ਪਹਿਲਾਂ, ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੈਟਰੋਲ, ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਧਾਉਣ ਦਾ ਫ਼ੈਸਲਾ ਪੂਰੀ ਤਰ੍ਹਾਂ ਲੋਕ ਵਿਰੋਧੀ ਅਤੇ ਆਮ ਆਦਮੀ ਦੀ ਜੇਬ ’ਤੇ ਡਾਕਾ ਮਾਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਿਹਾ ਹੈ ਤੇ ਇਹ ਨਵਾਂ ਵਿੱਤੀ ਬੋਝ ਉਸ ਦਾ ਜਿਊਣਾ ਮੁਹਾਲ ਕਰ ਦੇਵੇਗਾ। ਸ. ਸਿੱਧੂ ਨੇ ਆਖਿਆ ਕਿ ਆਪ
ਸਰਕਾਰ ਦੇ ਇਹ ਕਦਮ ਉਸ ਦੇ ਚੋਣ ਵਾਅਦਿਆਂ ਤੋਂ ਭੱਜਣ ਅਤੇ ਆਮ ਆਦਮੀ ਨਾਲ ਧੋਖਾਧੜੀ ਕਰਨ ਦੇ ਸਬੂਤ ਹਨ। ਪੰਜਾਬ ਦੇ ਲੋਕ ਖ਼ਾਸਕਰ ਮੱਧ ਅਤੇ ਘੱਟ ਆਮਦਨ ਵਾਲੇ ਵਰਗ ਇਸ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਤੇਲ ਦੀਆਂ ਕੀਮਤਾਂ ਵਿਚ ਵਾਧਾ ਸਾਰੇ ਜ਼ਰੂਰੀ ਸਮਾਨ ਅਤੇ ਸੇਵਾਵਾਂ ਦੀਆਂ ਕੀਮਤਾਂ ਵਧਾ ਦੇਵੇਗਾ, ਜਿਸ ਨਾਲ ਆਮ ਨਾਗਰਿਕ ਦੀ ਖ਼ਰੀਦਣ ਦੀ ਸਮਰੱਥਾ ਹੋਰ ਘੱਟ ਜਾਵੇਗੀ। ਸਾਬਕਾ ਮੰਤਰੀ ਨੇ ਆਖਿਆ ਕਿ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਨਾ ਸਿਰਫ਼ ਘਰਾਂ ਨੂੰ ਪ੍ਰਭਾਵਤ ਕਰੇਗਾ, ਸਗੋਂ ਸਾਡੇ ਰਾਜ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਜਿਵੇਂ ਛੋਟੇ ਕਾਰੋਬਾਰਾਂ ਅਤੇ ਉਦਯੋਗਾਂ ਦਾ ਭਾਰੀ ਨੁਕਸਾਨ ਕਰੇਗਾ। ਉਨ੍ਹਾਂ ਕਿਹਾ ਕਿ ਕੀਮਤਾਂ ਵਧਾਏ ਜਾਣ ਨਾਲ ਖ਼ੁਦ ਨੂੰ ਲੋਕਾਂ ਦੀ ਹਿਤੈਸ਼ੀ ਦੱਸਣ ਵਾਲੀ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ। ਜੇ ਸਰਕਾਰ ਨੇ ਕੀਮਤਾਂ ਵਾਪਸ ਨਹੀਂ ਲਈਆਂ ਤਾਂ ਕਾਂਗਰਸ ਪਾਰਟੀ ਹੋਰ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ਸਰਕਾਰ ਨੂੰ ਕੀਮਤਾਂ ਵਾਪਸ ਲੈਣ ਲਈ ਮਜਬੂਰ ਕਰੇਗੀ। ਇਸ ਰੋਸ ਧਰਨੇ ਵਿੱਚ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੈਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੱਲੋਂ ਬਾਖ਼ੂਬੀ ਨਿਭਾਈ ਗਈ।
ਹਿੰਦੂਸਥਾਨ ਸਮਾਚਾਰ