New Delhi: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤਣ ਦੀ ਉਮੀਦ ਨੂੰ ਝਟਕਾ ਲੱਗਾ ਹੈ। ਇੰਟਰਨੈਸ਼ਨਲ ਕੌਂਸਲ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀ.ਏ.ਐੱਸ.) ਨੇ ਵਿਨੇਸ਼ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।
ਦਰਅਸਲ, ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਵਿੱਚ 50 ਕਿਲੋਗ੍ਰਾਮ ਵਰਗ ਵਿੱਚ ਫ੍ਰੀਸਟਾਈਲ ਕੁਸ਼ਤੀ ਦੇ ਫਾਈਨਲ ਵਿੱਚ 100 ਗ੍ਰਾਮ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਵਿਨੇਸ਼ ਨੇ ਇਹ ਕਹਿੰਦੇ ਹੋਏ ਚਾਂਦੀ ਦਾ ਤਗਮਾ ਦੇਣ ਦੀ ਮੰਗ ਕੀਤੀ ਸੀ ਕਿ ਉਹ ਲਗਾਤਾਰ ਤਿੰਨ ਮੈਚ ਜਿੱਤ ਚੁੱਕੀ ਹੈ। ਹੁਣ ਇਸ ਮਾਮਲੇ ‘ਚ ਸੀਏਐਸ ਦਾ ਫੈਸਲਾ ਆਇਆ ਹੈ, ਜਿਸ ‘ਚ ਵਿਨੇਸ਼ ਫੋਗਾਟ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ ਅਤੇ ਚਾਂਦੀ ਦਾ ਤਮਗਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਉੱਥੇ ਹੀ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕਰਨ ਦੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀ.ਏ.ਐੱਸ.) ਦੇ ਫੈਸਲੇ ‘ਤੇ ਹੈਰਾਨੀ ਅਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਵਿਨੇਸ਼ ਫੋਗਾਟ ਵੱਲੋਂ ਯੂਨਾਈਟਿਡ ਵਰਲਡ ਰੈਸਲਿੰਗ ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਖਿਲਾਫ ਦਾਇਰ ਅਪੀਲ ‘ਤੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਦੇ ਸੋਲ ਆਰਬਿਟਰੇਟਰ ਦੇ ਫੈਸਲੇ ਤੋਂ ਹੈਰਾਨ ਅਤੇ ਨਿਰਾਸ਼ ਹਾਂ। ਪੈਰਿਸ ਓਲੰਪਿਕ ਖੇਡਾਂ ਵਿਚ ਔਰਤਾਂ ਦੇ 50 ਕਿਲੋਗ੍ਰਾਮ ਵਰਗ ਵਿਚ ਸਾਂਝੇ ਚਾਂਦੀ ਦਾ ਤਗਮਾ ਦੇਣ ਲਈ ਵਿਨੇਸ਼ ਦੀ ਅਰਜ਼ੀ ਨੂੰ ਰੱਦ ਕਰਨ ਦੇ 14 ਅਗਸਤ ਦੇ ਫੈਸਲੇ ਦਾ ਪ੍ਰਭਾਵੀ ਹਿੱਸਾ ਉਸ ਲਈ ਖਾਸ ਤੌਰ ‘ਤੇ ਅਤੇ ਵੱਡੇ ਪੱਧਰ ‘ਤੇ ਖੇਡ ਭਾਈਚਾਰੇ ਲਈ ਮਹੱਤਵਪੂਰਨ ਪ੍ਰਭਾਵ ਰੱਖਦਾ ਹੈ।’
ਹਿੰਦੂਸਥਾਨ ਸਮਾਚਾਰ