Doda News: ਡੋਡਾ ਦੇ ਸੰਘਣੇ ਜੰਗਲਾਂ ‘ਚ ਅੱਤਵਾਦੀਆਂ ਵੱਲੋਂ ਕੀਤੇ ਹਮਲੇ ‘ਚ ਕੈਪਟਨ ਸਮੇਤ ਚਾਰ ਜਵਾਨਾਂ ਦੇ ਸ਼ਹੀਦ ਹੋਣ ਕਾਰਨ ਪਾਕਿਸਤਾਨ ਨੂੰ ਇਕ ਵਾਰ ਫਿਰ ਸਰਜੀਕਲ ਸਟ੍ਰਾਈਕ ਦਾ ਡਰ ਸਤਾਉਣ ਲੱਗਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨੀ ਹਵਾਈ ਸੈਨਾ ਨੇ ਆਪਣੀ ਲੜਾਕੂ ਹਵਾਈ ਗਸ਼ਤ ਵਧਾ ਦਿੱਤੀ ਹੈ। ਜੰਮੂ ਖੇਤਰ ‘ਚ 78 ਦਿਨਾਂ ‘ਚ 11 ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ ‘ਚ 11 ਜਵਾਨ ਸ਼ਹੀਦ ਹੋਏ ਹਨ। ਚਾਰ ਸਾਲਾਂ ਤੋਂ ਐਲਓਸੀ ‘ਤੇ ਲਗਾਤਾਰ ਸੀਜ਼ਫਾਇਰ ਬਰਕਰਾਰ ਰਹਿਣ ਅਤੇ ਪੀਰ ਪੰਜਾਲ ਪਹਾੜੀਆਂ ਦੇ ਦੱਖਣੀ ਪਾਸੇ ਅੱਤਵਾਦੀ ਹਮਲਿਆਂ ‘ਚ ਵਾਧੇ ਕਾਰਨ ਖੂਫੀਆ ਏਜੰਸੀਆਂ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਐਮਵੀ ਸੁਚੇਂਦਰ ਕੁਮਾਰ ਨੇ ਡੋਡਾ ’ਚ ਸ਼ਹੀਦ ਹੋਏ ਜਵਾਨਾਂ ਕੈਪਟਨ ਬ੍ਰਿਜੇਸ਼ ਥਾਪਾ, ਨਾਇਕ ਡੀ ਰਾਜੇਸ਼, ਕਾਂਸਟੇਬਲ ਬਿਜੇਂਦਰ ਅਤੇ ਕਾਂਸਟੇਬਲ ਅਜੇ ਕੁਮਾਰ ਸਿੰਘ ਨੂੰ ਸ੍ਰੀਨਗਰ ਵਿੱਚ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਡੋਡਾ ਵਿੱਚ ਅੱਤਵਾਦ ਵਿਰੋਧੀ ਅਭਿਆਨ ਚਲਾਉਂਦੇ ਹੋਏ ਖੇਤਰ ਵਿੱਚ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਇਨ੍ਹਾਂ ਬਹਾਦਰਾਂ ਨੂੰ ਸਲਾਮ ਕੀਤਾ। ਜੰਮੂ-ਕਸ਼ਮੀਰ ‘ਚ ਸਲਾਮੀ ਦੇਣ ਤੋਂ ਬਾਅਦ ਚਾਰੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਭੇਜ ਦਿੱਤੀਆਂ ਗਈਆਂ ਹਨ, ਜਿੱਥੇ ਅੱਜ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।
ਭਾਰਤੀ ਫੌਜ ਮੰਗਲਵਾਰ ਸਵੇਰ ਤੋਂ ਡੋਡਾ ਦੇ ਜੰਗਲਾਂ ‘ਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਅੱਤਵਾਦੀ ਪਹਾੜ ਦੀਆਂ ਸਭ ਤੋਂ ਉੱਚੀਆਂ ਚੋਟੀਆਂ ‘ਤੇ ਲੁਕੇ ਹੋਏ ਹਨ। ਭਾਰਤੀ ਫੌਜ ਇਸ ਇਲਾਕੇ ‘ਚ ਅੱਤਵਾਦੀਆਂ ਦੀ ਭਾਲ ‘ਚ ਡੋਡਾ ਦੇ ਜੰਗਲਾਂ ‘ਚ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੀ ਹੈ। ਇਸਦੇ ਬਾਵਜੂਦ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਜੰਗਲੀ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚਾਰ ਘੰਟੇ ਦੇ ਅੰਦਰ-ਅੰਦਰ ਦੋ ਵਾਰ ਗੋਲੀਬਾਰੀ ਹੋਈ ਹੈ। ਬੁੱਧਵਾਰ ਦੇਰ ਰਾਤ ਜ਼ਿਲ੍ਹੇ ਦੇ ਭੱਟਾ ਇਲਾਕੇ ‘ਚ ਪਾਕਿਸਤਾਨੀ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਇਸ ਤੋਂ ਬਾਅਦ ਕਾਰਵਾਈ ਵਾਲੀ ਥਾਂ ‘ਤੇ ਵਾਧੂ ਬਲ ਪਹੁੰਚ ਗਏ।
ਜੰਮੂ ਖੇਤਰ ‘ਚ 78 ਦਿਨਾਂ ਦੇ ਅੰਦਰ 11 ਅੱਤਵਾਦੀ ਹਮਲਿਆਂ ‘ਚ 11 ਜਵਾਨਾਂ ਦੇ ਸ਼ਹੀਦ ਹੋਣ ਨੂੰ ਕੰਟਰੋਲ ਰੇਖਾ ‘ਤੇ ਚਾਰ ਸਾਲਾਂ ’ਤੇ ਸੀਜ਼ਫਾਇਰ ਹੋਣ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਸਰਹੱਦ ਪਾਰੋਂ ਘੁਸਪੈਠ ਵਧੀ ਹੈ। ਦਰਅਸਲ, ਪੀਰ ਪੰਜਾਲ ਪਹਾੜੀਆਂ ਦੇ ਉੱਤਰੀ ਪਾਸੇ ਕਸ਼ਮੀਰ ਘਾਟੀ ਵਿਚ ਅੱਤਵਾਦ ਦਾ ਲਗਭਗ ਖਾਤਮਾ ਹੋਣ ਤੋਂ ਬਾਅਦ ਹੁਣ ਦੱਖਣੀ ਖੇਤਰ ਨੂੰ ਸਰਹੱਦ ਪਾਰ ਤੋਂ ਘੁਸਪੈਠ ਦਾ ਨਵਾਂ ਰਸਤਾ ਬਣਾਇਆ ਗਿਆ ਹੈ। ਜੰਮੂ-ਕਸ਼ਮੀਰ ਦੇ ਦੱਖਣੀ ਪੀਰ ਪੰਜਾਲ ਇਲਾਕੇ, ਡੋਡਾ, ਪੁੰਛ ਅਤੇ ਰਾਜੌਰੀ, ਕਿਸ਼ਤਵਾੜ ਰਿਆਸੀ, ਕਠੂਆ ਦੇ ਪਹਾੜੀ ਇਲਾਕਿਆਂ ‘ਚ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ‘ਤੇ ਅੱਤਵਾਦੀ ਹਮਲੇ ਹੋ ਰਹੇ ਹਨ। ਅੱਤਵਾਦੀ ਹਮਲਿਆਂ ਦੇ ਵਿਚਕਾਰ, ਪਿਛਲੇ ਮਹੀਨੇ ਇੱਕ ਖੁਫੀਆ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਪੁੰਛ-ਰਾਜੌਰੀ ਸੈਕਟਰ ਵਿੱਚ ਲਗਭਗ 40 ਵਿਦੇਸ਼ੀ ਅੱਤਵਾਦੀ ਮੌਜੂਦ ਹਨ।
ਅਮਰਨਾਥ ਯਾਤਰਾ ਦੀ ਸ਼ੁਰੂਆਤ ਤੋਂ ਹੀ ਪਾਕਿਸਤਾਨੀ ਅੱਤਵਾਦੀ ਇੱਕ ਵਾਰ ਫਿਰ ਸਰਹੱਦ ਪਾਰ ਕਰ ਰਹੇ ਹਨ। ਇਸ ਖੇਤਰ ਵਿਚ ਮੌਜੂਦ ਵਿਦੇਸ਼ੀ ਅੱਤਵਾਦੀ ਛੋਟੀਆਂ-ਛੋਟੀਆਂ ਟੀਮਾਂ ਵਿਚ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚ ਹਰ ਇਕ ਵਿਚ ਦੋ-ਤਿੰਨ ਅੱਤਵਾਦੀ ਸ਼ਾਮਲ ਹਨ। ਅੱਤਵਾਦੀਆਂ ਦੀ ਗਿਣਤੀ ਦਾ ਅੰਦਾਜ਼ਾ ਖੁਫੀਆ ਏਜੰਸੀਆਂ ਅਤੇ ਜ਼ਮੀਨ ‘ਤੇ ਕੰਮ ਕਰ ਰਹੇ ਬਲਾਂ ਤੋਂ ਮਿਲੇ ਇਨਪੁਟਸ ਦੇ ਆਧਾਰ ‘ਤੇ ਲਗਾਇਆ ਗਿਆ ਹੈ। ਇਸਨੂੰ ਜੰਮੂ ਖੇਤਰ ਦੇ ਰਾਜੌਰੀ, ਪੁੰਛ ਅਤੇ ਕਠੂਆ ਸੈਕਟਰਾਂ ‘ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਪੀਰ ਪੰਜਾਲ ਸ਼੍ਰੇਣੀਆਂ ਦੇ ਦੱਖਣ ਵੱਲ ਅੱਤਵਾਦ ਵਿਰੋਧੀ ਗਰਿੱਡ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਜਤਾਈ ਗਈ ਹੈ।
ਹਿੰਦੂਸਥਾਨ ਸਮਾਚਾਰ