Amarnath Yatra News: ਸਥਾਨਕ ਭਗਵਤੀ ਨਗਰ ਬੇਸ ਕੈਂਪ ਤੋਂ ਸਖ਼ਤ ਸੀਆਰਪੀਐਫ ਸੁਰੱਖਿਆ ਵਿਚਕਾਰ 4,885 ਅਮਰਨਾਥ ਸ਼ਰਧਾਲੂਆਂ ਦਾ 14ਵਾਂ ਜੱਥਾ ਅੱਜ ਤੜਕੇ 3:06 ਵਜੇ 191 ਵਾਹਨਾਂ ਵਿੱਚ ਕਸ਼ਮੀਰ ਦੇ ਦੋ ਬੇਸ ਕੈਂਪਾਂ (ਬਾਲਟਾਲ ਅਤੇ ਪਹਿਲਗਾਮ ) ਲਈ ਰਵਾਨਾ ਹੋਇਆ।
ਅੱਤਵਾਦੀ ਹਮਲੇ ਦੇ ਡਰ ਅਤੇ ਸੁਰੱਖਿਆ ਬਲਾਂ ਦੇ ਆਪਰੇਸ਼ਨ ਵਿਚਕਾਰ ਭਗਵਤੀ ਨਗਰ ਬੇਸ ਕੈਂਪ ਦੇ ਆਲੇ-ਦੁਆਲੇ ਅਤੇ ਯਾਤਰਾ ਮਾਰਗ ‘ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 2,366 ਪੁਰਸ਼, 1,086 ਔਰਤਾਂ, 32 ਬੱਚੇ ਅਤੇ 163 ਭਿਕਸ਼ੂ ਬੱਸਾਂ ਅਤੇ ਹਲਕੇ ਮੋਟਰ ਵਾਹਨਾਂ ਦੇ ਕਾਫਲੇ ਵਿੱਚ ਭਗਵਤੀ ਨਗਰ ਤੋਂ ਰਵਾਨਾ ਹੋਏ।
ਉਨ੍ਹਾਂ ਦੱਸਿਆ ਕਿ 2,991 ਸ਼ਰਧਾਲੂਆਂ ਨੇ ਆਪਣੀ ਯਾਤਰਾ ਲਈ ਰਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਦੀ ਚੋਣ ਕੀਤੀ ਅਤੇ 1,894 ਨੇ ਆਪਣੀ ਯਾਤਰਾ ਲਈ ਛੋਟਾ ਪਰ ਉੱਚਾ 14 ਕਿਲੋਮੀਟਰ ਬਾਲਟਾਲ ਰਸਤਾ ਚੁਣਿਆ।
ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ 28 ਜੂਨ ਨੂੰ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਕੁੱਲ 77,210 ਸ਼ਰਧਾਲੂ ਭਗਵਤੀ ਨਗਰ ਬੇਸ ਕੈਂਪ ਤੋਂ ਘਾਟੀ ਲਈ ਰਵਾਨਾ ਹੋਏ ਹਨ। 52 ਦਿਨਾਂ ਦੀ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ। ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅਮਰਨਾਥ ਗੁਫਾ ਮੰਦਰ ਦੇ ਦਰਸ਼ਨ ਕੀਤੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਖਤਰੇ ਦੇ ਮੱਦੇਨਜ਼ਰ ਜੰਮੂ ਦੇ ਬੇਸ ਕੈਂਪ ਠਹਿਰਨ ਕੇਂਦਰਾਂ ‘ਤੇ, ਲਖਨਪੁਰ ਵਿਖੇ ਆਗਮਨ ਕੇਂਦਰ ਅਤੇ ਹਾਈਵੇਅ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਈਵੇਅ ‘ਤੇ ਇਲਾਕੇ ਦੀ ਘੇਰਾਬੰਦੀ ਮਜ਼ਬੂਤ ਕਰ ਦਿੱਤੀ ਗਈ ਹੈ ਅਤੇ ਯਾਤਰਾ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ