Kedarnath: ਬਾਲੀਵੁੱਡ ਗਾਇਕ ਸੋਨੂੰ ਨਿਗਮ ਨੇ ਬੁੱਧਵਾਰ ਸਵੇਰੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ। ਸੋਨੂੰ ਨੇ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਆਪਣੇ ਸੰਘਰਸ਼ ਦੇ ਦੌਰ ਨੂੰ ਵੀ ਯਾਦ ਕੀਤਾ। ਉਹ ਸਵੇਰੇ 7.15 ਵਜੇ ਹੈਲੀਕਾਪਟਰ ਰਾਹੀਂ ਕੇਦਾਰਨਾਥ ਧਾਮ ਪਹੁੰਚੇ। ਹੈਲੀਪੈਡ ‘ਤੇ ਵੱਡੀ ਗਿਣਤੀ ’ਚ ਸ਼ਰਧਾਲੂ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਣ ਲਈ ਉਤਾਵਲੇ ਨਜ਼ਰ ਆਏ। ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ। ਮੰਦਰ ਕਮੇਟੀ ਅਤੇ ਸ਼ਰਧਾਲੂ-ਪੁਜਾਰੀ ਸਮਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਉਹ ਹੈਲੀਪੈਡ ਤੋਂ ਪੈਦਲ ਕੇਦਾਰਨਾਥ ਮੰਦਰ ਪਹੁੰਚੇ ਅਤੇ ਬਾਹਰੋਂ ਪ੍ਰਣਾਮ ਕੀਤਾ। ਇਸ ਤੋਂ ਬਾਅਦ ਉਹ ਯਾਤਰੀਆਂ ਦੇ ਨਾਲ ਮੰਦਰ ਵਿੱਚ ਦਾਖਲ ਹੋਏ ਅਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਜਲਾਭਿਸ਼ੇਕ ਕੀਤਾ। ਮੰਦਰ ਦੇ ਵਿਹੜੇ ਵਿੱਚ ਮੰਦਰ ਕਮੇਟੀ ਦੇ ਇੰਚਾਰਜ/ਕਾਰਜਕਾਰੀ ਇੰਜੀਨੀਅਰ ਅਨਿਲ ਧਿਆਨੀ ਨੇ ਉਨ੍ਹਾਂ ਨੂੰ ਪ੍ਰਸ਼ਾਦ ਭੇਟ ਕੀਤਾ। ਬੀਕੇਟੀਸੀ ਮੀਡੀਆ ਇੰਚਾਰਜ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਸੋਨੂੰ ਨਿਗਮ ਦਰਸ਼ਨਾਂ ਤੋਂ ਬਾਅਦ ਭਾਵੁਕ ਨਜ਼ਰ ਆਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਭਗਵਾਨ ਕੇਦਾਰਨਾਥ ਦੇ ਦਰਸ਼ਨਾਂ ਲਈ ਅਚਾਨਕ ਕਿਉਂ ਆਏ ਤਾਂ ਉਨ੍ਹਾਂ ਕਿਹਾ, ਸਮਝੋ ਕਿ “ਸੰਦੇਸ਼ੇ ਆਤੇ ਹੈਂ”, ਯਾਨੀ ਕਿ ਉਨ੍ਹਾਂ ਨੂੰ ਭਗਵਾਨ ਕੇਦਾਰਨਾਥ ਨੇ ਬੁਲਾਇਆ ਸੀ। ਉਹ ਹਮੇਸ਼ਾ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸੰਘਰਸ਼ ਦੇ ਚੰਗੇ-ਮਾੜੇ ਦਿਨ ਅਤੇ ਉਸ ਸਮੇਂ ਦੇ ਸਾਥੀਆਂ ਨੂੰ ਹਮੇਸ਼ਾ ਯਾਦ ਰੱਖਦੇ ਹਨ, ਜਿਨ੍ਹਾਂ ਨੇ ਮੁੰਬਈ ਦੇ ਬੁਰੇ ਸਮੇਂ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਵਲੋਂ ਸੰਦੇਸ਼ੇ ਆਤੇ ਹੈਂ, ਕਹਿੰਦੇ ਹੀ ਸ਼ਰਧਾਲੂ ਸਮਝ ਗਏ ਕਿ ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਵਲੋਂ ਗਾਏ ਮਸ਼ਹੂਰ ਗੀਤ ਵੱਲ ਵੀ ਹੈ। ਜ਼ਿਕਰਯੋਗ ਹੈ ਕਿ ਸੋਨੂੰ ਨਿਗਮ ਵਲੋਂ ਬਾਰਡਰ ਫਿਲਮ ‘ਚ ‘ਸੰਦੇਸ਼ੇ ਆਤੇ ਹੈ ਹਮੇਂ ਤੜਪਾਤੇ ਹੈ’ ਗੀਤ ਗਾਉਣ ਤੋਂ ਬਾਅਦ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸਿਰ ਅੱਖਾਂ ’ਤੇ ਬਿਠਾ ਲਿਆ ਸੀ।
ਹਿੰਦੂਸਥਾਨ ਸਮਾਚਾਰ