Tamil Nadu Hooch Tragedy: ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਨੇ ਤਾਮਿਲਨਾਡੂ ਦੇ ਕੱਲਾਕੁਰੀਚੀ ਜ਼ਿਲ੍ਹੇ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 47 ਤੋਂ ਵੱਧ ਲੋਕਾਂ ਦੀ ਮੌਤ ਦੇ ਮਾਮਲੇ ਦਾ ਨੋਟਿਸ ਲੈਂਦਿਆਂ, ਤਾਮਿਲਨਾਡੂ ਸਰਕਾਰ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਵਿੱਚ ਵਿਸਤ੍ਰਿਤ ਰਿਪੋਰਟ ਮੰਗੀ ਹੈ। ਹਾਲਾਂਕਿ ਹੁਣ ਤੱਕ ਇਸ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 59 ਤੱਕ ਪਹੁੰਚ ਗਈ ਹੈ।
ਕੱਲਾਕੁਰਿਚੀ ਦੀ ਘਟਨਾਕ੍ਰਮ ਦੇ ਪੀੜਤਾਂ ਦਾ ਕੱਲਾਕੁਰਿਚੀ, ਸਲੇਮ, ਵਿਲਪੁਰਮ ਅਤੇ ਪੁਡੂਚੇਰੀ ਦੇ ਜੇਆਈਪੀਐਮਈਆਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ। ਕੱਲਾਕੁਰਿਚੀ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
ਕਮਿਸ਼ਨ ਦਾ ਕਹਿਣਾ ਹੈ ਕਿ ਰਾਜਾਂ ਕੋਲ ਨਸ਼ੀਲੀ ਸ਼ਰਾਬ ਦੇ ਉਤਪਾਦਨ, ਨਿਰਮਾਣ, ਕਬਜ਼ੇ, ਆਵਾਜਾਈ, ਖਰੀਦ ਅਤੇ ਵਿਕਰੀ ਨੂੰ ਨਿਯਮਤ ਕਰਨ ਦੀ ਵਿਸ਼ੇਸ਼ ਸ਼ਕਤੀ ਹੈ। ਰਾਜ ਤੋਂ ਮੰਗੀ ਗਈ ਰਿਪੋਰਟ ਵਿੱਚ ਐਫਆਈਆਰ ਦੀ ਸਥਿਤੀ, ਹਸਪਤਾਲ ਵਿੱਚ ਦਾਖ਼ਲ ਪੀੜਤਾਂ ਦੇ ਇਲਾਜ ਅਤੇ ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਵੰਡ ਬਾਰੇ ਕਿਹਾ ਗਿਆ ਹੈ। ਕਮਿਸ਼ਨ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਇਸ ਦੁਖਾਂਤ ਲਈ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ?
ਹਿੰਦੂਸਥਾਨ ਸਮਾਚਾਰ