ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ 80 ਐਵੇਨਿਊ ‘ਚ 27 ਦਸੰਬਰ ਨੂੰ ਸਵੇਰੇ 8 ਵੱਜ ਕੇ 3 ਮਿੰਟਾਂ ‘ਤੇ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਦੇ ਘਰ ‘ਤੇ ਹਮਲਾ ਹੋਇਆ ਹੈ। ਇਸ ਹਮਲੇ ਦੌਰਾਨ ਕਰੀਬ 11 ਰਾਊਂਡ ਫਾਇਰ ਕੀਤੇ ਗਏ ਹਨ ਅਤੇ ਇਸ ਦੀ ਜਾਣਕਾਰੀ ਹੁਣ ਮੀਡੀਆ ‘ਚ ਸਾਹਮਣੇ ਆਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਦੱਸ ਦਈਏ ਕਿ ਜਿਨ੍ਹਾਂ ਤੇ ਹਮਲਾ ਹੋਇਆ ਹੈ, ਉਹ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਪੁੱਤਰ ਦੱਸੇ ਜਾ ਰਹੇ ਹਨ।
ਪਿਛਲੇ ਕੁਝ ਸਮੇਂ ਤੋਂ ਕੈਨੇਡਾ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਖਾਸ ਕਰਕੇ ਹਿੰਦੂਆਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਹੁਣ ਸਤੀਸ਼ ਕੁਮਾਰ ਦੇ ਬੇਟੇ ਦੇ ਘਰ ‘ਤੇ ਹਮਲੇ ਪਿੱਛੇ ਕਿਸ ਦਾ ਹੱਥ ਹੈ, ਇਹ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਕੁਝ ਠੋਸ ਕਹਿਣ ਦੀ ਸਥਿਤੀ ਵਿੱਚ ਹੋਣਗੇ। ਮੌਕੇ ‘ਤੇ ਮੌਜੂਦ ਲੋਕਾਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੇ ਇਰਾਦਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।