Srinagar News: ਕਸ਼ਮੀਰ ਘਾਟੀ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਕਿਉਂਕਿ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ ਹੈ। ਸ੍ਰੀਨਗਰ ਅਤੇ ਕਈ ਹੋਰ ਥਾਵਾਂ ‘ਤੇ ਆਸਮਾਨ ਸਾਫ ਹੋਣ ਕਾਰਨ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਰਾਤ ਦਾ ਤਾਪਮਾਨ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 2.7 ਤੋਂ 5.7 ਡਿਗਰੀ ਘੱਟ ਰਿਹਾ। ਸ੍ਰੀਨਗਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਤੋਂ ਹੇਠਾਂ 3.3 ਡਿਗਰੀ ਸੈਲਸੀਅਸ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਸ਼ਹਿਰ ਵਿੱਚ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ 4.8 ਡਿਗਰੀ ਘੱਟ ਰਿਹਾ। ਘਾਟੀ ਦੇ ਕੁਝ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਕਾਰਨ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਜਾਮ ਹੋ ਗਈਆਂ। ਸੀਤ ਲਹਿਰ ਨੇ ਪੂਰੇ ਕਸ਼ਮੀਰ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਸਮੇਤ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ‘ਚ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ ਗਈ। ਇਸ ਦੌਰਾਨ ਸੋਨਮਰਗ ਜ਼ੀਰੋ ਤੋਂ 9.7 ਡਿਗਰੀ ਸੈਲਸੀਅਸ ਹੇਠਾਂ ਸਭ ਤੋਂ ਠੰਢਾ ਸਥਾਨ ਰਿਹਾ। ਇਸ ਤੋਂ ਇਲਾਵਾ ਮਸ਼ਹੂਰ ਸਕੀ-ਰਿਜ਼ਾਰਟ ਗੁਲਮਰਗ ਦੂਜਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਪਾਰਾ ਜ਼ੀਰੋ ਤੋਂ 9.0 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।ਮਸ਼ਹੂਰ ਸੈਰ-ਸਪਾਟਾ ਸਥਾਨ ਪਹਿਲਗਾਮ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਸ਼ਮੀਰ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਇਹ ਮਨਫ਼ੀ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ