Chandigarh News: ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾ ਸਲੂਕ ਜੱਗ ਜਾਹਿਰ ਹੋ ਚੁੱਕਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਨਾਲ ਜਿਵੇਂ ਕੇਂਦਰ ਸਰਕਾਰ ਹਮੇਸ਼ਾ ਹੀ ਕਰਦੀ ਆ ਰਹੀ ਹੈ, ਇਸ ਵਾਰ ਵੀ ਉਹੀ ਰੁੱਖ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਐਮ.ਐਸ.ਪੀ.ਦੀ ਮੰਗ ਪੂਰੀ ਨਹੀ ਕੀਤੀ ਸਗੋਂ ਕੇਂਦਰ ਸਰਕਾਰ ਜਾਣਬੁੱਝ ਕੇ ਮਿੱਥੇ ਸਮੇਂ ਤੇ ਫਸਲ ਵੀ ਨਹੀ ਚੁੱਕ ਰਹੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕੇਂਦਰੀ ਮੰਤਰੀ ਨੂੰ ਮਿਲੇ, ਪਰ ਇਸ ਦੇ ਬਾਵਜੂਦ ਕੇਂਦਰ ਪੰਜਾਬ ਦੇ ਗੋਦਾਮ ਖਾਲੀ ਨਹੀ ਕਰ ਰਿਹਾ। ਮੰਤਰੀ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕੇਂਦਰ ਸਰਕਾਰ ਨੇ ਜੋ ਹਾਲਤ ਕੀਤੀ ਹੈ, ਉਹ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਸਾਰਾ ਕੁੱਝ ਸਮਝਦੇ ਹਨ ਇਸ ਗੱਲ ਦਾ ਜਵਾਬ ਵੀ ਉਹ ਕੇਂਦਰ ਸਰਕਾਰ ਨੂੰ ਬਹੁਤ ਜਲਦੀ ਦੇਣਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਦੇ ਜੋ ਹਾਲਾਤ ਬਣਾਏ ਗਏ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਲੋਕ ਹੀ ਜਵਾਬ ਦੇਣਗੇ ਕਿਉਂਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਅਸਲੀ ਜਿੰਮੇਵਾਰ ਕੌਣ ਹੈ।
ਹਿੰਦੂਸਥਾਨ ਸਮਾਚਾਰ