New Delhi: ਹਵਾਬਾਜ਼ੀ ਖੇਤਰ ਵਿੱਚ ਬੰਬ ਦੀਆਂ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਦੇਸ਼ ਭਰ ‘ਚ 10 ਫਲਾਈਟਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਖਬਰ ਨਾਲ ਯਾਤਰੀਆਂ ਅਤੇ ਪ੍ਰਸ਼ਾਸਨ ‘ਚ ਇਕ ਵਾਰ ਫਿਰ ਦਹਿਸ਼ਤ ਫੈਲ ਗਈ। ਇਨ੍ਹਾਂ ਵਿੱਚ ਪੰਜ ਇੰਡੀਗੋ ਅਤੇ ਪੰਜ ਅਕਾਸਾ ਏਅਰਲਾਈਨਜ਼ ਦੀਆਂ ਉਡਾਣਾਂ ਸ਼ਾਮਲ ਹਨ। ਜਹਾਜ਼ਾਂ ‘ਚ ਲਗਾਤਾਰ ਬੰਬ ਸਬੰਧੀ ਖਬਰਾਂ ਕਾਰਨ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਉਡਾਣਾਂ ‘ਚ ਬੰਬ ਦੀ ਧਮਕੀ ਮਿਲੀ, ਉਨ੍ਹਾਂ ‘ਚੋਂ 5 ਉਡਾਣਾਂ ਇੰਡੀਗੋ ਏਅਰਲਾਈਨਜ਼ ਦੀਆਂ ਸਨ। ਇਨ੍ਹਾਂ ਵਿੱਚੋਂ ਤਿੰਨ ਜਹਾਜ਼ ਸੁਰੱਖਿਅਤ ਉਤਰ ਗਏ ਹਨ, ਜਦੋਂ ਕਿ ਦੋ ਅਜੇ ਵੀ ਐਮਰਜੈਂਸੀ ਪ੍ਰੋਟੋਕੋਲ ਤਹਿਤ ਹਵਾ ਵਿੱਚ ਹਨ। ਅਕਾਸਾ ਏਅਰ ਦੇ ਬੁਲਾਰੇ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਏਅਰਲਾਈਨ ਦੀਆਂ ਕੁਝ ਉਡਾਣਾਂ ਨੂੰ ਸੁਰੱਖਿਆ ਅਲਰਟ ਮਿਲੇ ਹਨ। ਵਿਸਤਾਰਾ ਏਅਰਲਾਈਨਜ਼ ਦੀਆਂ ਤਿੰਨ ਅੰਤਰਰਾਸ਼ਟਰੀ ਉਡਾਣਾਂ ਨੂੰ 18 ਅਕਤੂਬਰ ਨੂੰ ਧਮਕੀਆਂ ਮਿਲੀਆਂ, ਜਿਸ ਕਾਰਨ ਇੱਕ ਫਲਾਈਟ ਨੂੰ ਫਰੈਂਕਫਰਟ ਵੱਲ ਮੋੜਨਾ ਪਿਆ।
ਪਿਛਲੇ 48 ਘੰਟਿਆਂ ਵਿੱਚ, ਨਵੀਂ ਦਿੱਲੀ ਤੋਂ 211 ਯਾਤਰੀਆਂ ਨੂੰ ਲੈ ਕੇ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਸਮੇਤ 11 ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਨਾਲ ਸੁਰੱਖਿਆ ਏਜੰਸੀਆਂ ਨੂੰ ਵੱਖ-ਵੱਖ ਹਵਾਈ ਅੱਡਿਆਂ ‘ਤੇ ਅੱਤਵਾਦ ਵਿਰੋਧੀ ਵਿਸ਼ੇਸ਼ ਅਭਿਆਸ ਕਰਨੇ ਗਏ। ਹਾਲਾਂਕਿ, ਐਕਸ ਪੋਸਟ ਰਾਹੀਂ ਪਿਛਲੇ 24 ਘੰਟਿਆਂ ਵਿੱਚ ਸੱਤ ਬੰਬ ਰੱਖਣ ਦੀਆਂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਤਿੰਨ ਧਮਕੀਆਂ ਮਿਲੀਆਂ ਸਨ, ਬਾਅਦ ਵਿੱਚ ਇਹ ਸੰਦੇਸ਼ ਫਰਜ਼ੀ ਪਾਏ ਗਏ।
ਜ਼ਿਕਰਯੋਗ ਹੈ ਕਿ ਏਅਰਲਾਈਨ ਕੰਪਨੀਆਂ ਨੂੰ ਉਡਾਣਾਂ ‘ਤੇ ਬੰਬ ਦੀ ਧਮਕੀ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇੱਕ ਏਅਰਲਾਈਨ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਿਛਲੇ 7 ਦਿਨਾਂ ‘ਚ 40 ਦੇ ਕਰੀਬ ਉਡਾਣਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ ਪਰ ਹੁਣ ਤੱਕ ਧਮਕੀਆਂ ਦੇਣ ਵਾਲੇ ਵਿਅਕਤੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਹਿੰਦੂਸਥਾਨ ਸਮਾਚਾਰ