Chandigarh News: ਪੰਚਕੂਲਾ ਦੇ ਮੋਰਨੀ ਹਿਲਜ਼ ਵਿੱਚ ਇੱਕ ਵਾਰ ਫਿਰ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ਨੀਵਾਰ ਨੂੰ ਹੋਏ ਇਸ ਹਾਦਸੇ ‘ਚ ਦਰਜਨ ਤੋਂ ਵੱਧ ਬੱਚੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੰਚਕੂਲਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਸਕੂਲ ਵੈਨ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਮਾਲੇਰਕੋਟਲਾ ਜ਼ਿਲ੍ਹੇ ਦੇ ਨਨਕਾਣਾ ਸਾਹਿਬ ਸਕੂਲ ਦੀ ਇੱਕ ਬੱਸ ਅੱਜ ਬੱਚਿਆਂ ਨੂੰ ਲੈ ਕੇ ਮੋਰਨੀ ਹਿੱਲਜ਼ ‘ਤੇ ਸੈਰ-ਸਪਾਟੇ ਲਈ ਆਈ ਸੀ। ਜਿਵੇਂ ਹੀ ਬੱਸ ਟਿੱਕਰ ਤਾਲ ਰੋਡ ‘ਤੇ ਪਿੰਡ ਥਲ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਪਲਟ ਗਈ। ਜਿਵੇਂ ਹੀ ਬੱਸ ਪਲਟ ਗਈ ਤਾਂ ਬੱਚਿਆਂ ਵਿੱਚ ਰੌਲਾ ਪੈ ਗਿਆ। ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਨੇੜਲੇ ਪਿੰਡ ਵਾਸੀਆਂ ਨੂੰ ਬੁਲਾ ਕੇ ਬੱਸ ਵਿੱਚ ਫਸੇ ਬੱਚਿਆਂ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਿਆ।
ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਪਹਿਲਾਂ ਮੋਰਨੀ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਪੰਜ ਬੱਚਿਆਂ ਅਤੇ ਸਕੂਲ ਵੈਨ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੰਚਕੂਲਾ ਦੇ ਸੈਕਟਰ-6 ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਫਿਲਹਾਲ ਜ਼ਖਮੀ ਬੱਚਿਆਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਬੱਸ ਦੇ ਪਲਟਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ