New Delhi: ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਤੇ ਗੁਜਰਾਤ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਐਤਵਾਰ ਨੂੰ ਗੁਜਰਾਤ ਦੇ ਅੰਕਲੇਸ਼ਵਰ ਵਿੱਚ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਦੀ ਤਲਾਸ਼ੀ ਦੌਰਾਨ 518 ਕਿਲੋ ਕੋਕੀਨ ਬਰਾਮਦ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਨਸ਼ਿਆਂ ਦੀ ਕੀਮਤ 5 ਹਜ਼ਾਰ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਪਿਛਲੀਆਂ ਜ਼ਬਤੀਆਂ ਸਮੇਤ ਹੁਣ ਤੱਕ ਦਿੱਲੀ ਪੁਲਸ ਨੇ ਛਾਪੇਮਾਰੀ ਦੌਰਾਨ ਕੁੱਲ 1,289 ਕਿਲੋਗ੍ਰਾਮ ਕੋਕੀਨ ਅਤੇ ਥਾਈਲੈਂਡ ਤੋਂ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰਿਜੁਆਨਾ ਬਰਾਮਦ ਕੀਤੀ ਹੈ, ਜਿਸ ਦੀ ਕੁੱਲ ਕੀਮਤ ਲਗਭਗ 13 ਹਜ਼ਾਰ ਕਰੋੜ ਰੁਪਏ ਹੈ।
ਇਸ ਤੋਂ ਪਹਿਲਾਂ ਦਿੱਲੀ ਵਿੱਚ 1 ਅਕਤੂਬਰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਮਹੀਪਾਲਪੁਰ ਵਿੱਚ ਤੁਸ਼ਾਰ ਗੋਇਲ ਨਾਮਕ ਵਿਅਕਤੀ ਦੇ ਗੋਦਾਮ ਵਿੱਚ ਛਾਪਾ ਮਾਰ ਕੇ 562 ਕਿਲੋ ਕੋਕੀਨ ਅਤੇ 40 ਕਿਲੋ ਹਾਈਡ੍ਰੋਪੋਨਿਕ ਮਾਰਿਜੁਆਨਾ ਦੀ ਖੇਪ ਜ਼ਬਤ ਕੀਤੀ ਸੀ। ਜਾਂਚ ਦੌਰਾਨ 10 ਅਕਤੂਬਰ ਨੂੰ ਦਿੱਲੀ ਦੇ ਰਮੇਸ਼ ਨਗਰ ਵਿੱਚ ਇੱਕ ਦੁਕਾਨ ਤੋਂ ਲਗਭਗ 208 ਕਿਲੋ ਹੋਰ ਕੋਕੀਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਬਰਾਮਦ ਡਰੱਗਜ਼ ਫਾਰਮਾ ਸੋਲਿਊਸ਼ਨ ਸਰਵਿਸਿਜ਼ ਨਾਮਕ ਦੀ ਕੰਪਨੀ ਦੀ ਸੀ ਅਤੇ ਇਹ ਡਰੱਗ ਗੁਜਰਾਤ ਦੇ ਅੰਕਲੇਸ਼ਵਰ ਦੀ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਤੋਂ ਆਈ ਸੀ। ਗੁਜਰਾਤ ‘ਚ ਇਹ ਕਾਰਵਾਈ ਦਿੱਲੀ ਅਤੇ ਗੁਜਰਾਤ ਪੁਲਿਸ ਦੀ ਸਪੈਸ਼ਲ ਸੈੱਲ ਯੂਨਿਟ ਨੇ ਸਾਂਝੇ ਤੌਰ ‘ਤੇ ਕੀਤੀ ਹੈ।
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 2 ਅਕਤੂਬਰ ਨੂੰ ਦੱਖਣੀ ਦਿੱਲੀ ਦੇ ਮਹੀਪਾਲਪੁਰ ਦੇ ਇੱਕ ਗੋਦਾਮ ਤੋਂ 560 ਕਿਲੋਗ੍ਰਾਮ ਤੋਂ ਵੱਧ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰਿਜੁਆਨਾ ਜ਼ਬਤ ਕੀਤੀ ਸੀ, ਜਿਸਦੀ ਅਨੁਮਾਨਿਤ ਕੀਮਤ 5,620 ਕਰੋੜ ਰੁਪਏ ਹੈ। ਪੁਲਸ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਬਾਅਦ 10 ਅਕਤੂਬਰ ਨੂੰ ਦਿੱਲੀ ਪੁਲਸ ਨੇ ਪੱਛਮੀ ਦਿੱਲੀ ਵਿੱਚ ਕਿਰਾਏ ਦੀ ਦੁਕਾਨ ਤੋਂ 2080 ਕਰੋੜ ਰੁਪਏ ਦੀ 208 ਕਿਲੋ ਕੋਕੀਨ ਜ਼ਬਤ ਕੀਤੀ ਸੀ। ਹੁਣ ਤੱਕ ਪੁਲਿਸ ਕਰੀਬ 7700 ਕਰੋੜ ਰੁਪਏ ਦੀ ਕੋਕੀਨ ਜ਼ਬਤ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਡਰੱਗਜ਼ ਮਾਮਲੇ ‘ਚ ਈਡੀ ਨੇ 11 ਅਕਤੂਬਰ ਨੂੰ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਟੀਮ ਨੇ ਦਿੱਲੀ-ਐੱਨਸੀਆਰ ਦੇ ਨਾਲ-ਨਾਲ ਮੁੰਬਈ ਦੇ ਕੁਝ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ ਈਡੀ ਨੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਸਨ।
ਹਿੰਦੂਸਥਾਨ ਸਮਾਚਾਰ