Kaithal News: ਹਰਿਆਣਾ ਦੇ ਕੈਥਲ ਜ਼ਿਲੇ ਦੇ ਮੁੰਦੜੀ ਪਿੰਡ ‘ਚ ਸ਼ੁੱਕਰਵਾਰ ਸਵੇਰੇ ਇਕ ਕਾਰ ਨਹਿਰ ‘ਚ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ 12 ਸਾਲਾ ਲੜਕੀ ਦੀ ਭਾਲ ਜਾਰੀ ਹੈ। ਕਾਰ ਚਾਲਕ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਹੈ।
ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਇੱਕ ਆਲਟੋ ਕਾਰ (ਐਚਆਰ 13 ਸੀ 7181) ਬੇਕਾਬੂ ਹੋ ਕੇ ਮੁੰਦੜੀ ਨਹਿਰ ਵਿੱਚ ਜਾ ਡਿੱਗੀ। ਘਟਨਾ ਦੇ ਸਮੇਂ ਪਰਿਵਾਰ ਨੇੜਲੇ ਪਿੰਡ ‘ਚ ਸਥਿਤ ਗੁਰੂ ਰਵਿਦਾਸ ਮੰਦਰ ‘ਚ ਮੱਥਾ ਟੇਕਣ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਕਾਰ ਬੇਕਾਬੂ ਹੋ ਕੇ ਮੁੰਦੜੀ ਨਹਿਰ ਵਿੱਚ ਜਾ ਡਿੱਗੀ। ਸਥਾਨਕ ਪਿੰਡ ਵਾਸੀਆਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਸਖ਼ਤ ਮਿਹਨਤ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਕਾਰ ਅੰਦਰ ਸਵਾਰ 8 ਲੋਕਾਂ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 7 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਕਾਰ ‘ਚ ਸਫਰ ਕਰ ਰਹੀ 12 ਸਾਲਾ ਲੜਕੀ ਲਾਪਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਨਹਿਰ ਦੇ ਡੂੰਘੇ ਪਾਣੀ ਵਿੱਚ ਡੁੱਬ ਗਈ ਜਾਂ ਵਹਿ ਗਈ ਹੋਵੇਗੀ।
ਕਾਰ ਦੇ ਡਰਾਈਵਰ ਕਾਲੇ ਦੀ ਹਾਲਤ ਗੰਭੀਰ ਹੈ। ਉਸ ਨੂੰ ਸਰਕਾਰੀ ਹਸਪਤਾਲ ਕੈਥਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ, ਜਦੋਂਕਿ ਲਾਪਤਾ ਹੋਈ 12 ਸਾਲਾ ਬੱਚੀ ਕੋਮਲ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ। ਇਸ ਦਰਦਨਾਕ ਹਾਦਸੇ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਦੀ ਹਾਲਤ ਸੁਧਾਰਨ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਸਥਾਨਕ ਪ੍ਰਸ਼ਾਸਨ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਭਰੋਸਾ ਦਿੱਤਾ ਹੈ।
ਕੈਥਲ ਦੇ ਡੀਐਸਪੀ ਲਲਿਤ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਵਿੱਚ ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਚਾਰ ਬੱਚੇ ਅਤੇ ਤਿੰਨ ਔਰਤਾਂ ਸ਼ਾਮਲ ਹਨ। ਪ੍ਰਸ਼ਾਸਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਪਤਾ ਲੜਕੀ ਦੀ ਭਾਲ ਜਾਰੀ ਹੈ। ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਦੁਸਹਿਰੇ ਵਾਲੇ ਦਿਨ ਵਾਪਰੇ ਇਸ ਹਾਦਸੇ ਵਿੱਚ ਚਮੇਲੀ ਪਤਨੀ ਜਿਲੇ ਰਾਮ (ਲਗਭਗ 65-70 ਸਾਲ), ਪਰਮਜੀਤ ਕੌਰ ਪਤਨੀ ਪ੍ਰਵੀਨ (ਕਰੀਬ 35-40 ਸਾਲ), ਤੀਜੋ ਪਤਨੀ ਕਾਲਾ (ਲਗਭਗ 40 ਸਾਲ), ਕਾਜਲ ਪੁੱਤਰੀ ਕਾਲਾ (ਲਗਭਗ 12 ਸਾਲ), ਫਿਜ਼ਾ ਪੁੱਤਰੀ ਕਾਲਾ (ਲਗਭਗ 18 ਸਾਲ), ਰੀਆ ਪੁੱਤਰੀ ਪ੍ਰਵੀਨ (ਲਗਭਗ 8 ਸਾਲ), ਵੰਦਨਾ ਪੁੱਤਰੀ ਪ੍ਰਵੀਨ (ਲਗਭਗ 5 ਸਾਲ) ਦੀ ਮੌਤ ਹੋ ਗਈ ਹੈ।
ਹਿੰਦੂਸਥਾਨ ਸਮਾਚਾਰ