Tirupati Laddu News: ਤਿਰੂਪਤੀ ਲੱਡੂ ਵਿਵਾਦ ਨੂੰ ਲੈ ਕੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਇੱਕ ਨਵੀਂ ਮੰਗ ਚੁੱਕੀ ਹੈ। ਪਵਨ ਕਲਿਆਣ ਨੇ ਦੇਸ਼ ਦੇ ਸਾਰੇ ਮੰਦਰਾਂ ਵਿੱਚ ਪ੍ਰਸਾਦ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਲਈ ਸਨਾਤਨ ਧਰਮ ਸਰਟੀਫਿਕੇਟ ਪ੍ਰਣਾਲੀ ਅਪਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਪਵਨ ਕਲਿਆਣ ਨੇ ਇਕ ਜਨਤਕ ਮੀਟਿੰਗ ਦੌਰਾਨ ਇਹ ਮੰਗ ਚੁੱਕੀ ਹੈ। ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਕਿਹਾ ਕਿ ਦੇਸ਼ ਦੇ ਸਾਰੇ ਮੰਦਰਾਂ ਵਿੱਚ ਦਿੱਤੇ ਜਾਂਦੇ ਚੜ੍ਹਾਵੇ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਸਨਾਤਨ ਧਰਮ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਰਟੀਫਿਕੇਟ ਮੰਦਿਰ ਦੀਆਂ ਪ੍ਰਥਾਵਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੇਗਾ ਅਤੇ ਧਾਰਮਿਕ ਪਰੰਪਰਾਵਾਂ ਦੀ ਰੱਖਿਆ ਕਰੇਗਾ। ਪਵਨ ਕਲਿਆਣ ਨੇ ਸਰਕਾਰ ਨੂੰ ਇਸ ਲਈ ਫੰਡ ਜਾਰੀ ਕਰਨ ਦਾ ਸੁਝਾਅ ਵੀ ਦਿੱਤਾ।
ਪਵਨ ਕਲਿਆਣ ਨੇ ਕਿਹਾ ਕਿ ਸਨਾਤਨ ਧਰਮ ਨੂੰ ਬਦਨਾਮ ਕਰਨ ਵਾਲੀਆਂ ਸੰਸਥਾਵਾਂ ਅਤੇ ਲੋਕਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ‘ਸਨਾਤਨ ਧਰਮ ਰਕਸ਼ਾ ਬੋਰਡ’ ਦੇ ਗਠਨ ਦੀ ਮੰਗ ਕੀਤੀ ਸੀ।
ਕੀ ਹੈ ਮਾਮਲਾ ?
ਦਰਅਸਲ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਪਿਛਲੇ ਦਿਨਾਂ ਦੀਆਂ ਖਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਤਿਰੂਪਤੀ ਬਾਲਾਜੀ ਮੰਦਰ ਦੇ ਚੜ੍ਹਾਵੇ ਵਿੱਚ ਵਰਤੇ ਜਾਣ ਵਾਲੇ ਘਿਓ ਵਿੱਚ ਜਾਨਵਰਾਂ ਦੀ ਚਰਬੀ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਜਗਮੋਹਨ ਸਰਕਾਰ ਵੇਲੇ ਮੰਦਰ ਦੇ ਚੜ੍ਹਾਵੇ ਵਿੱਚ ਮਿਲਾਵਟ ਕਰਕੇ ਧਰਮ ਨੂੰ ਭ੍ਰਿਸ਼ਟ ਕਰਨ ਦਾ ਪਾਪ ਕੀਤਾ ਗਿਆ ਸੀ। ਉਦੋਂ ਤੋਂ ਆਂਧਰਾ ਤੋਂ ਲੈ ਕੇ ਦਿੱਲੀ ਤੱਕ ਇਸ ਮੁੱਦੇ ‘ਤੇ ਸਿਆਸੀ ਗਰਮਾ-ਗਰਮੀ ਹੈ।