New Delhi: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (ਐਚਸੀਏ) ਦੇ ਵਿੱਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਅਜ਼ਹਰੂਦੀਨ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਉਹ HCA ਦੇ ਪ੍ਰਧਾਨ ਰਹਿ ਚੁੱਕੇ ਹਨ।
ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਈਡੀ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਨੂੰ ਵਿੱਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ਪੁੱਛਗਿੱਛ ਲਈ ਤਲਬ ਕੀਤਾ ਹੈ। ਈਡੀ ਵੱਲੋਂ ਕਾਂਗਰਸੀ ਆਗੂ ਨੂੰ ਜਾਰੀ ਕੀਤਾ ਗਿਆ ਇਹ ਪਹਿਲਾ ਸੰਮਨ ਹੈ, ਜਿਸ ਤਹਿਤ ਅਜ਼ਹਰੂਦੀਨ ਨੂੰ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਾ ਹੈ। ਸਾਬਕਾ ਕ੍ਰਿਕਟਰ ‘ਤੇ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਹੈ।
ਇਹ ਮਾਮਲਾ ਹੈਦਰਾਬਾਦ ਦੇ ਉੱਪਲ ਵਿੱਚ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ਲਈ ਡੀਜ਼ਲ ਜਨਰੇਟਰ, ਫਾਇਰ ਫਾਈਟਿੰਗ ਸਿਸਟਮ ਅਤੇ ਛਤਰੀਆਂ ਦੀ ਖਰੀਦ ਲਈ ਅਲਾਟ ਕੀਤੇ ਗਏ 20 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਹੈ। ਅਜ਼ਹਰੂਦੀਨ ਸਤੰਬਰ 2019 ਵਿੱਚ ਐਚਸੀਏ ਦੇ ਪ੍ਰਧਾਨ ਚੁਣੇ ਗਏ ਸਨ। ਉਨ੍ਹਾਂ ਨੂੰ ਜੂਨ 2021 ਵਿੱਚ ਅਪੈਕਸ ਕੌਂਸਲ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਵਿੱਚ ਕਾਰਵਾਈ ਕੀਤੇ ਜਾਣ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪਿਆ ਸੀ।