Mumbai News: ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵੜ ਦੇ ਬਾਵਧਨ ਇਲਾਕੇ ‘ਚ ਕੇਕੇ ਰਾਓ ਪਹਾੜੀ ਖੇਤਰ ‘ਚ ਬੁੱਧਵਾਰ ਸਵੇਰੇ 7.30 ਵਜੇ ਦੇ ਕਰੀਬ ਇੱਕ ਹੈਲੀਕਾਪਟਰ ਦੇ ਕ੍ਰੈਸ਼ ਹੋਣ ਕਾਰਨ ਉਸ ’ਚ ਸਵਾਰ ਦੋ ਪਾਇਲਟ ਅਤੇ ਇੱਕ ਇੰਜੀਨੀਅਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਪੁਣੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ ਹੈਲੀਕਾਪਟਰ ਨੇ ਜੁਹੂ ਜਾਣ ਲਈ ਕਰੀਬ 7.30 ਵਜੇ ਆਕਸਫੋਰਡ ਗੋਲਫ ਕੋਰਸ ਨੇੜੇ ਹੈਲੀਪੈਡ ਤੋਂ ਉਡਾਣ ਭਰੀ ਸੀ। ਸਿਰਫ਼ ਪੰਜ ਮਿੰਟ ਬਾਅਦ ਹੀ ਹੈਲੀਕਾਪਟਰ ਕਰੀਬ ਡੇਢ ਕਿਲੋਮੀਟਰ ਦੀ ਦੂਰੀ ‘ਤੇ ਕ੍ਰੈਸ਼ ਹੋ ਗਿਆ। ਇਸਦੇ ਕਰੈਸ਼ ਹੁੰਦੇ ਹੀ ਇਸ ‘ਚ ਅੱਗ ਲੱਗ ਗਈ, ਜਿਸ ਕਾਰਨ ਹੈਲੀਕਾਪਟਰ ‘ਚ ਸਵਾਰ ਤਿੰਨੋਂ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਹਿੰਜੇਵਾੜੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੰਬਈ ਤੋਂ ਛੇ ਲੋਕਾਂ ਦੀ ਟੀਮ ਪੁਣੇ ਲਈ ਰਵਾਨਾ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਐਨਸੀਪੀ ਦੇ ਸੂਬਾ ਪ੍ਰਧਾਨ ਸੁਨੀਲ ਤਟਕਰੇ ਇਸ ਹੈਲੀਕਾਪਟਰ ਵਿੱਚ ਮੁੰਬਈ ਤੋਂ ਸੁਤਾਰਵਾੜੀ ਤੱਕ ਹਵਾਈ ਯਾਤਰਾ ਕਰਨ ਵਾਲੇ ਸਨ। ਉਨ੍ਹਾਂ ਨੂੰ ਲੈਣ ਲਈ ਹੀ ਹੈਲੀਕਾਪਟਰ ਪੁਣੇ ਤੋਂ ਮੁੰਬਈ ਲਈ ਰਵਾਨਾ ਹੋਇਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ