Kanpur Test: ਇੱਥੇ ਗ੍ਰੀਨ ਪਾਰਕ ਵਿੱਚ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ਲਗਭਗ ਢਾਈ ਦਿਨਾਂ ਤੋਂ ਮੀਂਹ ਕਾਰਨ ਰੱਦ ਹੋਣ ਦੇ ਬਾਵਜੂਦ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ।
ਇਸ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਨੂੰ 233 ਦੌੜਾਂ ‘ਤੇ ਸਮੇਟ ਦਿੱਤਾ ਅਤੇ ਇਸ ਤੋਂ ਬਾਅਦ ਆਪਣੀ ਪਹਿਲੀ ਪਾਰੀ 9 ਵਿਕਟਾਂ ‘ਤੇ 285 ਦੌੜਾਂ ‘ਤੇ ਐਲਾਨ ਦਿੱਤਿਆਂ ਅਤੇ ਪਹਿਲੀ ਪਾਰੀ ਦੇ ਆਧਾਰ ‘ਤੇ 52 ਦੌੜਾਂ ਤੇ ਵਾਧਾ ਲਿਆ। ਦੂਜੀ ਪਾਰੀ ‘ਚ ਬੰਗਲਾਦੇਸ਼ ਦੀ ਟੀਮ 146 ਦੌੜਾਂ ‘ਤੇ ਸਿਮਟ ਗਈ, ਜਿਸ ਤੋਂ ਬਾਅਦ ਭਾਰਤ ਨੂੰ ਸਿਰਫ 95 ਦੌੜਾਂ ਦਾ ਟੀਚਾ ਮਿਲਿਆ।
95 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 17.2 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 98 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦੂਜੀ ਪਾਰੀ ਵਿੱਚ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਸ਼ਾਨਦਾਰ ਅਰਧ ਸੈਂਕੜਾ ਜੜਦਿਆਂ 51 ਦੌੜਾਂ ਬਣਾਈਆਂ। ਯਸ਼ਸਵੀ ਤੋਂ ਇਲਾਵਾ ਵਿਰਾਟ ਕੋਹਲੀ ਨੇ 29 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕੋਹਲੀ ਦੇ ਨਾਲ ਰਿਸ਼ਭ ਪੰਤ ਵੀ 4 ਦੌੜਾਂ ਬਣਾ ਕੇ ਨਾਬਾਦ ਪਰਤੇ। ਕਪਤਾਨ ਰੋਹਿਤ ਸ਼ਰਮਾ ਨੇ 8 ਦੌੜਾਂ ਅਤੇ ਸ਼ੁਭਮਨ ਗਿੱਲ ਨੇ 6 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ 2 ਅਤੇ ਤਾਇਜੁਲ ਇਸਲਾਮ ਨੇ 1 ਵਿਕਟ ਲਈ।
ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਦੂਜੀ ਪਾਰੀ ਵਿੱਚ ਗੋਡੇ ਟੇਕ ਦਿੱਤੇ
ਬੰਗਲਾਦੇਸ਼ ਦੀ ਦੂਜੀ ਪਾਰੀ ਦੀ ਸ਼ੁਰੂਆਤ ਖਰਾਬ ਰਹੀ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਜ਼ਾਕਿਰ ਹਸਨ ਨੂੰ ਐਲਬੀਡਬਲਯੂ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਜ਼ਾਕਿਰ ਨੇ 10 ਦੌੜਾਂ ਬਣਾਈਆਂ। ਅਸ਼ਵਿਨ ਨੇ ਬੰਗਲਾਦੇਸ਼ ਦਾ ਦੂਜਾ ਵਿਕਟ ਵੀ ਲਿਆ। ਉਸ ਨੇ ਹਸਨ ਮਹਿਮੂਦ ਨੂੰ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ। ਹਸਨ ਨੇ ਚਾਰ ਦੌੜਾਂ ਬਣਾਈਆਂ।
ਬੰਗਲਾਦੇਸ਼ ਦਾ ਤੀਜਾ ਵਿਕਟ ਪਹਿਲੀ ਪਾਰੀ ਦੇ ਸੈਂਚੁਰੀ ਮੋਮਿਨੁਲ ਹੱਕ ਦੇ ਰੂਪ ਵਿੱਚ ਡਿੱਗਿਆ। ਅਸ਼ਵਿਨ ਨੇ ਹੱਕ ਨੂੰ 36 ਦੌੜਾਂ ਦੇ ਕੁੱਲ ਸਕੋਰ ‘ਤੇ ਪੈਵੇਲੀਅਨ ਭੇਜਿਆ। ਹੱਕ ਨੇ 2 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੰਗਲਾਦੇਸ਼ ਦੀਆਂ ਵਿਕਟਾਂ ਲਗਾਤਾਰ ਸਮੇਂ ‘ਤੇ ਡਿੱਗਦੀਆਂ ਰਹੀਆਂ ਅਤੇ ਪੂਰੀ ਟੀਮ 146 ਦੌੜਾਂ ‘ਤੇ ਸਿਮਟ ਗਈ।
ਦੂਜੀ ਪਾਰੀ ਵਿੱਚ ਬੰਗਲਾਦੇਸ਼ ਲਈ ਸਿਰਫ਼ ਸ਼ਾਦਮਾਨ ਇਸਲਾਮ ਅਤੇ ਮੁਸ਼ਫ਼ਿਕੁਰ ਰਹੀਮ ਹੀ ਕੁਝ ਸਮਾਂ ਖੇਡ ਸਕੇ। ਸ਼ਾਦਮਾਨ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ 50 ਦੌੜਾਂ ਬਣਾਈਆਂ, ਜਦਕਿ ਮੁਸ਼ਫਿਕੁਰ ਨੇ 37 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ 3-3 ਅਤੇ ਆਕਾਸ਼ਦੀਪ ਨੇ 1 ਵਿਕਟ ਲਈ।
ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ‘ਤੇ 285 ਦੌੜਾਂ ਬਣਾ ਕੇ ਐਲਾਨੀ
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਦਮਦਾਰ ਸ਼ੁਰੂਆਤ ਕੀਤੀ ਸੀ। ਕਪਤਾਨ ਰੋਹਿਤ ਸ਼ਰਮਾ ਨੇ ਯਸ਼ਸਵੀ ਜੈਸਵਾਲ ਨਾਲ ਮਿਲ ਕੇ ਪਹਿਲੇ ਤਿੰਨ ਓਵਰਾਂ ਵਿੱਚ ਹੀ 50 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਭਾਰਤੀ ਟੀਮ ਦੀ ਪਹਿਲੀ ਵਿਕਟ ਚੌਥੇ ਓਵਰ ‘ਚ 55 ਦੇ ਸਕੋਰ ‘ਤੇ ਡਿੱਗੀ। ਕਪਤਾਨ ਰੋਹਿਤ ਇੱਕ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 11 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਯਸ਼ਸਵੀ ਜੈਸਵਾਲ ਨੇ ਵੀ ਤੇਜ਼ ਬੱਲੇਬਾਜ਼ੀ ਕਰਦੇ ਹੋਏ 31 ਗੇਂਦਾਂ ‘ਚ ਅਰਧ ਸੈਂਕੜਾ ਜੜਿਆ। ਯਸ਼ਸਵੀ 51 ਗੇਂਦਾਂ ਵਿੱਚ 72 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਆਊਟ ਹੋ ਗਏ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ। ਉਸ ਨੇ ਸ਼ੁਭਮਨ ਗਿੱਲ ਨਾਲ ਪਾਰੀ ਦੀ ਅਗਵਾਈ ਕੀਤੀ। ਭਾਰਤੀ ਟੀਮ ਨੂੰ ਤੀਜਾ ਝਟਕਾ 141 ਦੇ ਸਕੋਰ ‘ਤੇ ਲੱਗਾ। ਸ਼ੁਭਮਨ 36 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਚੌਥੀ ਵਿਕਟ 159 ਦੇ ਸਕੋਰ ‘ਤੇ ਡਿੱਗੀ। ਰਿਸ਼ਭ ਕੁਝ ਵੀ ਕਮਾਲ ਨਹੀਂ ਕਰ ਸਕੇ ਅਤੇ ਨੌਂ ਦੌੜਾਂ ਬਣਾ ਕੇ ਆਊਟ ਹੋ ਗਏ।
ਇੱਥੋਂ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਅੱਗੇ ਤੋਰਿਆ। ਭਾਰਤ ਦਾ ਪੰਜਵਾਂ ਵਿਕਟ 246 ਦੇ ਸਕੋਰ ‘ਤੇ ਵਿਰਾਟ ਕੋਹਲੀ ਦੇ ਰੂਪ ‘ਚ ਡਿੱਗਿਆ। ਕੋਹਲੀ 35 ਗੇਂਦਾਂ ‘ਚ 47 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਤੋਂ ਬਾਅਦ ਭਾਰਤੀ ਟੀਮ ਨੇ ਕੁਝ ਹੋਰ ਓਵਰਾਂ ਦੀ ਬੱਲੇਬਾਜ਼ੀ ਕੀਤੀ ਅਤੇ 9 ਵਿਕਟਾਂ ‘ਤੇ 285 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਕੇਐਲ ਰਾਹੁਲ ਨੇ ਵੀ ਚੰਗੀ ਬੱਲੇਬਾਜ਼ੀ ਕਰਦੇ ਹੋਏ 43 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ ਅਤੇ ਆਕਾਸ਼ ਦੀਪ ਨੇ 5 ਗੇਂਦਾਂ ਵਿੱਚ 12 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਅਤੇ ਸ਼ਾਕਿਬ ਅਲ ਹਸਨ ਨੇ ਚਾਰ-ਚਾਰ ਵਿਕਟਾਂ ਲਈਆਂ ਜਦਕਿ ਹਸਨ ਮਹਿਮੂਦ ਨੂੰ ਇਕ ਵਿਕਟ ਮਿਲੀ।
ਬੰਗਲਾਦੇਸ਼ ਦੀ ਪਹਿਲੀ ਪਾਰੀ 233 ਦੌੜਾਂ ‘ਤੇ ਸਮਾਪਤ ਹੋ ਗਈ।
ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪਹਿਲੀ ਪਾਰੀ 233 ਦੌੜਾਂ ‘ਤੇ ਸਿਮਟ ਗਈ ਸੀ। ਮੋਮਿਨੁਲ ਹੱਕ ਨੇ ਅਜੇਤੂ ਸੈਂਕੜਾ ਖੇਡਦਿਆਂ 107 ਦੌੜਾਂ ਬਣਾਈਆਂ। ਮੋਮਿਨੁਲ ਤੋਂ ਇਲਾਵਾ ਸ਼ਾਦਮਾਨ ਇਸਲਾਮ ਨੇ 24 ਦੌੜਾਂ, ਕਪਤਾਨ ਨਜ਼ਮੁਲ ਹਸਨ ਸ਼ਾਂਤੋ ਨੇ 31 ਦੌੜਾਂ ਅਤੇ ਮੇਹਦੀ ਹਸਨ ਮਿਰਾਜ ਨੇ 20 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 3, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ ਨੇ 2-2 ਅਤੇ ਰਵਿੰਦਰ ਜਡੇਜਾ ਨੇ 1 ਵਿਕਟ ਲਈ।