Kolkata News: ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਨਜ਼ਰ ਦੋ ਔਰਤਾਂ ‘ਤੇ ਹੈ। ਮੰਗਲਵਾਰ ਸਵੇਰੇ ਹੀ ਐੱਨ. ਆਈ. ਏ ਅਧਿਕਾਰੀਆਂ ਨੇ ਪੱਛਮੀ ਬੰਗਾਲ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨਾਲ ਮਿਲ ਕੇ ਉੱਤਰੀ 24 ਪਰਗਨਾ ਦੇ ਪਾਣੀਹਾਟੀ ਅਤੇ ਆਸਨਸੋਲ ਸਮੇਤ 12 ਟਿਕਾਣਿਆਂ ’ਤੇ ਛਾਪੇਮਾਰੀ ਸ਼ੁਰੂ ਕੀਤੀ। ਐੱਨ. ਆਈ. ਏ ਦੇ ਸੂਤਰਾਂ ਮੁਤਾਬਕ ਜਿਨ੍ਹਾਂ ਦੋ ਔਰਤਾਂ ‘ਤੇ ਮਾਓਵਾਦੀ ਸੰਗਠਨਾਂ ਨਾਲ ਜੁੜੇ ਹੋਣ ਦਾ ਦੋਸ਼ ਹੈ, ਉਨ੍ਹਾਂ ਦੇ ਨਾਮ ਸੁਦੀਪਤਾ ਪਾਲ ਅਤੇ ਸ਼ਿਪਰਾ ਚੱਕਰਵਰਤੀ ਹਨ। ਜਾਂਚ ਏਜੰਸੀ ਇਸ ਦੋਸ਼ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਸੁਦੀਪਤਾ ਅਤੇ ਸ਼ਿਪਰਾ ਪਹਿਲਾਂ ਆਸਨਸੋਲ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀਆਂ ਸਨ। ਪੰਜ ਸਾਲ ਪਹਿਲਾਂ, ਸ਼ਿਪਰਾ ਆਸਨਸੋਲ ਤੋਂ ਪਾਣੀਹਾਟੀ ਚਲੀ ਗਈ, ਜੋ ਕਿ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਪੱਲੀਸ਼੍ਰੀ ਖੇਤਰ ਵਿੱਚ ਸਥਿਤ ਹੈ। ਮੰਗਲਵਾਰ ਨੂੰ ਉੱਥੇ ਵੀ ਐੱਨਆਈਏ ਅਤੇ ਐੱਸਟੀਐੱਫ ਨੇ ਛਾਪੇਮਾਰੀ ਕੀਤੀ। ਖ਼ਬਰ ਲਿਖੇ ਜਾਣ ਤੱਕ ਛਾਪੇਮਾਰੀ ਦੀ ਕਾਰਵਾਈ ਜਾਰੀ ਸੀ। ਇਸ ਤੋਂ ਇਲਾਵਾ ਨੇਤਾਜੀ ਨਗਰ, ਬੈਰਕਪੁਰ ਅਤੇ ਸੋਦੇਪੁਰ ਵਿੱਚ ਵੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ, ਜਿਨ੍ਹਾਂ ਥਾਵਾਂ ਦਾ ਸਬੰਧ ਇਨ੍ਹਾਂ ਔਰਤਾਂ ਨਾਲ ਰਿਹਾ ਹੈ। ਆਸਨਸੋਲ ਦੇ ਡਿਸੇਰਗੜ੍ਹ ਇਲਾਕੇ ‘ਚ ਵੀ ਸਰਚ ਆਪਰੇਸ਼ਨ ਜਾਰੀ ਹੈ। ਸਥਾਨਕ ਸੂਤਰਾਂ ਅਨੁਸਾਰ ਸੁਦੀਪਤਾ ਅਤੇ ਸ਼ਿਪਰਾ ਸਮਾਜਿਕ ਕੰਮਾਂ ਵਿੱਚ ਸ਼ਾਮਲ ਸਨ ਅਤੇ ਕੋਲਾ ਖਾਣ ਮਜ਼ਦੂਰਾਂ ਦੇ ਹੱਕਾਂ ਲਈ ਲੜਦੀਆਂ ਸਨ। ਉਹ ‘ਅਧਿਕਾਰ’ ਨਾਮਕ ਦੀ ਸੰਸਥਾ ਨਾਲ ਜੁੜੀਆਂ ਸਨ ਅਤੇ ਬਾਅਦ ਵਿਚ ‘ਮਜ਼ਦੂਰ ਅਧਿਕਾਰ’ ਨਾਮਕ ਸੰਸਥਾ ਸ਼ੁਰੂ ਕੀਤੀ। ਇਸ ਤਹਿਤ ਉਹ ਕੋਲਾ ਖਾਣ ਮਜ਼ਦੂਰਾਂ ਦੇ ਹੱਕਾਂ ਲਈ ਅੰਦੋਲਨ ਕਰਦੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਈ ਮੁੱਦਿਆਂ ‘ਤੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਸੀ।
ਦੋਸ਼ ਹੈ ਕਿ ਸੁਦੀਪਤਾ ਅਤੇ ਸ਼ਿਪਰਾ ਛੱਤੀਸਗੜ੍ਹ ਦੇ ਮਾਓਵਾਦੀਆਂ ਦੇ ਸੰਪਰਕ ਵਿੱਚ ਸਨ। ਐੱਨ. ਆਈ. ਏ. ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਤੋਂ ਇਲਾਵਾ ਇਸ ਨੈੱਟਵਰਕ ‘ਚ ਹੋਰ ਕੌਣ-ਕੌਣ ਸ਼ਾਮਲ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਸੁਦੀਪਤਾ ਅਤੇ ਸ਼ਿਪਰਾ ਆਸਨਸੋਲ ‘ਚ ਕਈ ਥਾਵਾਂ ‘ਤੇ ਕਿਰਾਏ ਦੇ ਮਕਾਨਾਂ ‘ਚ ਰਹੀਆਂ ਸਨ। ਹਾਲਾਂਕਿ, ਸ਼ਿਪਰਾ ਦੇ ਪਾਣੀਹਾਟੀ ਚਲੇ ਜਾਣ ਤੋਂ ਬਾਅਦ, ਸੁਦੀਪਤਾ ਦਿਸੇਰਗੜ੍ਹ ਖੇਤਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ।
ਮੰਗਲਵਾਰ ਸਵੇਰੇ ਐਨਆਈਏ ਅਧਿਕਾਰੀਆਂ ਨੇ ਪਾਣੀਹਾਟੀ ਨਗਰ ਨਿਗਮ ਦੇ ਵਾਰਡ ਨੰਬਰ 31 ਦੇ ਪੱਲੀਸ਼੍ਰੀ ਇਲਾਕੇ ਵਿੱਚ ਸ਼ਿਪਰਾ ਦੇ ਘਰ ਛਾਪਾ ਮਾਰਿਆ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ‘ਤੇ ਵੀ ਕੋਈ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਐੱਨ. ਆਈ. ਏ. ਅਧਿਕਾਰੀ ਨੇ ਕੰਧ ਟੱਪ ਕੇ ਅੰਦਰ ਜਾ ਕੇ ਪੁੱਛਗਿੱਛ ਸ਼ੁਰੂ ਕੀਤੀ। ਜਾਂਚ ਏਜੰਸੀ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਔਰਤਾਂ ਦੇ ਮਾਓਵਾਦੀਆਂ ਨਾਲ ਕਿਸ ਤਰ੍ਹਾਂ ਦੇ ਸੰਪਰਕ ਹਨ ਅਤੇ ਇਸ ਨੈੱਟਵਰਕ ਵਿਚ ਹੋਰ ਕੌਣ-ਕੌਣ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ