Karnataka News: MUDA ਵਿਕਾਸ ਅਥਾਰਟੀ (Mysore Urban Development Authority) ਮਾਮਲੇ ‘ਚ ਫਸੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਿੱਧਰਮਈਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ, ਸੂਬੇ ਦੇ ਮੁੱਖ ਮੰਤਰੀ ਨੇ ਹੁਣ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਨੇ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (MUDA) ਦੁਆਰਾ ਐਕੁਆਇਰ ਕੀਤੀ ਜ਼ਮੀਨ ਵਾਪਸ ਕਰ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਆਪਣੇ ਪਤੀ ਦੇ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ, ਸਿਧਾਰਮਈਆ ਦੀ ਪਤਨੀ ਨੇ MUDA ਨੂੰ ਪੱਤਰ ਲਿਖ ਕੇ ਮੈਸੂਰ ਦੇ ਪਾਸ਼ ਖੇਤਰ ਵਿਜੇਨਗਰ ਵਿੱਚ ਉਨ੍ਹਾਂ ਨੂੰ ਅਲਾਟ ਕੀਤੇ 14 ਪਲਾਟ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸੀ। ਬੀ.ਐਮ ਪਾਰਵਤੀ ਨੇ ਇਸ ਮਾਮਲੇ ਵਿੱਚ ਮੁੱਡਾ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ 3 ਏਕੜ 16 ਗੁੰਟੇ ਜ਼ਮੀਨ ਦੇ ਬਦਲੇ ਇੱਕ ਹੋਰ ਜਗ੍ਹਾ ਅਲਾਟ ਕੀਤੀ ਗਈ ਸੀ। ਉਨ੍ਹਾਂ ਇਸ ਮਾਮਲੇ ਸਬੰਧੀ ਮੁੱਡਾ ਦੇ ਕਮਿਸ਼ਨਰ ਤੋਂ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਕੀ ਹੈ MUDA ਮਾਮਲਾ?
ਧਿਆਨਯੋਗ ਹੈ ਕਿ ਆਰਟੀਆਈ ਕਾਰਕੁਨ ਸਨੇਹਾਮੋਈ ਕ੍ਰਿਸ਼ਨਾ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਖ਼ਿਲਾਫ਼ ਮੁਡਾ ਘੁਟਾਲੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ ਸੂਬੇ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਉਸ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਸਨ। ਕਰਨਾਟਕ ਸਰਕਾਰ ਰਾਜਪਾਲ ਦੇ ਇਸ ਆਦੇਸ਼ ਦੇ ਖਿਲਾਫ ਹਾਈ ਕੋਰਟ ਗਈ ਸੀ। ਪਰ ਸਿਧਾਰਮਈਆ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਹਾਈਕੋਰਟ ਨੇ ਰਾਜਪਾਲ ਦੇ ਫੈਸਲੇ ਨੂੰ ਬਰਕਰਾਰ ਰੱਖਿਆ।
ਇਸ ਤੋਂ ਬਾਅਦ ਈਡੀ ਨੇ ਕੇਸ ਦਰਜ ਕੀਤਾ। ਜਦੋਂ ਤੋਂ ਈਡੀ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ, ਸਿੱਧਰਮਈਆ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ।