Beirut News: ਹਿਜ਼ਬੁੱਲਾ ਦੇ ਖਿਲਾਫ ਵਿਆਪਕ ਮੁਹਿੰਮ ਅੰਜਾਮ ਦਿੰਦੇ ਹੋਏ ਇਜ਼ਰਾਈਲ ਨੇ ਸੋਮਵਾਰ ਤੜਕੇ ਲਗਾਤਾਰ ਡਰੋਨ ਹਮਲਿਆਂ ਨਾਲ ਲੇਬਨਾਨ ਦੀ ਰਾਜਧਾਨੀ ਬੇਰੂਤ ਨੂੰ ਦਹਿਲਾ ਦਿੱਤਾ। ਇਜ਼ਰਾਇਲੀ ਫੌਜ ਨੇ ਡਰੋਨ ਹਮਲੇ ਨਾਲ ਸ਼ਹਿਰ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇਜ਼ਰਾਈਲ ਦੇ ਖਿਲਾਫ ਕਰੜੇ ਸੰਘਰਸ਼ ਵਿੱਚ ਸਰਗਰਮ ਪਾਪੂਲਰ ਫਰੰਟ ਫਾਰ ਦਿ ਲਿਬਰੇਸ਼ਨ ਆਫ ਫਲਸਤੀਨ (ਪੀਐਫਐਲਪੀ) ਦੇ ਤਿੰਨ ਸੀਨੀਅਰ ਨੇਤਾ ਸ਼ਾਮਲ ਹਨ।
ਇਜ਼ਰਾਇਲੀ ਫੌਜ ਐਤਵਾਰ ਤੋਂ ਬੇਰੂਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੀ ਹੈ। ਦਿ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, ਪੀਐਫਐਲਪੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬੇਰੂਤ ਦੇ ਕੋਲਾ ਜ਼ਿਲ੍ਹੇ ਵਿੱਚ ਇੱਕ ਇਮਾਰਤ ਉੱਤੇ ਅੱਧੀ ਰਾਤ ਨੂੰ ਇਜ਼ਰਾਈਲੀ ਹਮਲੇ ਵਿੱਚ ਉਸਦੇ ਤਿੰਨ ਪ੍ਰਮੁੱਖ ਨੇਤਾ ਮਾਰੇ ਗਏ। ਹਾਲਾਂਕਿ ਪਹਿਲਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਹ ਹਮਲਾ ਕਿਸੇ ਹੋਰ ਅੱਤਵਾਦੀ ਸੰਗਠਨ ਅਲ ਜਮਾ ਅਲ ਇਸਲਾਮੀਆ (ਇਸਲਾਮਿਕ ਗਰੁੱਪ) ਨੇ ਕੀਤਾ ਹੈ ਪਰ ਸੰਗਠਨ ਨੇ ਇਸ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਇਜ਼ਰਾਇਲੀ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਈਰਾਨ ਸਮਰਥਿਤ ਹਥਿਆਰਬੰਦ ਸੰਗਠਨਾਂ ਦੇ ਖਿਲਾਫ ਇਜ਼ਰਾਈਲ ਆਪਣੀ ਮੁਹਿੰਮ ਨੂੰ ਲਗਾਤਾਰ ਤੇਜ਼ ਕਰ ਰਿਹਾ ਹੈ। ਐਤਵਾਰ ਨੂੰ ਇਜ਼ਰਾਈਲ ਨੇ ਲੇਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਅਤੇ ਇਕ ਸੀਨੀਅਰ ਹਿਜ਼ਬੁੱਲਾ ਕਮਾਂਡਰ ਸਮੇਤ 45 ਲੜਾਕਿਆਂ ਨੂੰ ਮਾਰ ਦਿੱਤਾ। ਨਬੀਲ ਕੌਕ ਨਾਮ ਦਾ ਇਹ ਆਗੂ ਹਿਜ਼ਬੁੱਲਾ ਦੀ ਕੇਂਦਰੀ ਕਮੇਟੀ ਦਾ ਉਪ ਮੁਖੀ ਸੀ। ਇਸ ਦੇ ਨਾਲ ਹੀ ਇਜ਼ਰਾਈਲ ਦੇ ਦਰਜਨਾਂ ਜਹਾਜ਼ਾਂ ਨੇ ਯਮਨ ‘ਚ ਹੂਤੀ ਬਾਗੀਆਂ ਦੇ ਟਿਕਾਣਿਆਂ ‘ਤੇ ਬੰਬਾਰੀ ਕੀਤੀ।
ਹਿੰਦੂਸਥਾਨ ਸਮਾਚਾਰ