Punjab Politics: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਵਿਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ। ‘ਆਪ’ ਸਰਕਾਰ ਦੇ ਕਾਰਜਕਾਲ ਦੇ ਅੱਧ ਦਰਮਿਆਨ ਹੋਏ ਇਸ ਵਜ਼ਾਰਤੀ ਫੇਰਬਦਲ ’ਚ ਚਾਰ ਵਜ਼ੀਰਾਂ ਦੀ ਛਾਂਟੀ ਕੀਤੀ ਗਈ ਹੈ, ਜਦੋਂ ਕਿ ਪੰਜ ਨਵੇਂ ਚਿਹਰਿਆਂ ਨੂੰ ਬਤੌਰ ਕੈਬਨਿਟ ਮੰਤਰੀ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਨਵੇਂ ਵਜ਼ੀਰਾਂ ਨੂੰ ਵਿਭਾਗਾਂ ਦੀ ਵੰਡ
ਮੰਤਰੀ ਮੰਡਲ ’ਚ ਫੇਰਬਦਲ ਮਗਰੋਂ ਵਿਭਾਗਾਂ ਦੀ ਵੰਡ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਭਾਰ ਹਲਕਾ ਕਰਦਿਆਂ ਤਿੰਨ ਮਹਿਕਮੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਜੇਲ੍ਹਾਂ ਅਤੇ ਉਦਯੋਗ ਤੇ ਵਣਜ ਦੂਸਰੇ ਮੰਤਰੀਆਂ ’ਚ ਵੰਡ ਦਿੱਤੇ ਹਨ। ਪਹਿਲਾਂ ਮੁੱਖ ਮੰਤਰੀ ਕੋਲ ਦਰਜਨ ਵਿਭਾਗ ਸਨ, ਜਦੋਂ ਕਿ ਹੁਣ ਨੌਂ ਵਿਭਾਗ ਰਹਿ ਗਏ ਹਨ। ਨਵੇਂ ਵਜ਼ੀਰਾਂ ’ਚੋਂ ਹਰਦੀਪ ਸਿੰਘ ਮੁੰਡੀਆਂ ਨੂੰ ਮਾਲ, ਮੁੜ-ਵਸੇਬਾ ਤੇ ਡਿਜ਼ਾਸਟਰ ਮੈਨੇਜਮੈਂਟ, ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ, ਜਦੋਂ ਕਿ ਤਰੁਨਪ੍ਰੀਤ ਸਿੰਘ ਸੌਂਦ ਨੂੰ ਦਿਹਾਤੀ ਵਿਕਾਸ ਤੇ ਪੰਚਾਇਤਾਂ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰਮੋਸ਼ਨ, ਲੇਬਰ, ਪ੍ਰਾਹੁਣਚਾਰੀ, ਉਦਯੋਗ ਤੇ ਵਣਜ ਵਿਭਾਗ ਦਿੱਤਾ ਗਿਆ ਹੈ। ਬਰਿੰਦਰ ਕੁਮਾਰ ਗੋਇਲ ਨੂੰ ਜਲ ਸਰੋਤ ਤੇ ਮਾਈਨਿੰਗ, ਡਾ. ਰਵੀਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਅਤੇ ਮਹਿੰਦਰ ਭਗਤ ਨੂੰ ਰੱਖਿਆ ਸੇਵਾਵਾਂ ਭਲਾਈ, ਫਰੀਡਮ ਫਾਈਟਰ ਅਤੇ ਬਾਗ਼ਬਾਨੀ ਮਹਿਕਮਾ ਦਿੱਤਾ ਗਿਆ ਹੈ। ਪੁਰਾਣੇ ਵਜ਼ੀਰਾਂ ’ਚੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਨੂੰ ਹੁਣ ਸੂਚਨਾ ਤੇ ਲੋਕ ਸੰਪਰਕ ਵਿਭਾਗ ਹੋਰ ਦੇ ਦਿੱਤਾ ਗਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਹੈ, ਜਦੋਂ ਕਿ ਉਨ੍ਹਾਂ ਨੂੰ ਜੇਲ੍ਹਾਂ ਦੇ ਦਿੱਤਾ ਗਿਆ ਹੈ। ਬਾਕੀ ਪੁਰਾਣੇ ਸੱਤ ਵਜ਼ੀਰਾਂ ਦੇ ਵਿਭਾਗਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੁਰਾਣੇ ਵਜ਼ੀਰਾਂ ’ਚੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਅਮਨ ਅਰੋੜਾ ਨੂੰ ਨਵੇਂ ਵਿਭਾਗ ਮਿਲਣ ਦੀ ਆਸ ਸੀ ਪਰ ਅਜਿਹਾ ਨਹੀਂ ਹੋਇਆ।
ਦਸ ਦਇਏ ਕਿ ਰਾਜ ਭਵਨ ਵਿਚ ਹਲਫ਼ਦਾਰੀ ਸਮਾਗਮਾਂ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਪੰਜਾਬ ਵਜ਼ਾਰਤ ਵਿਚ ਹਰਦੀਪ ਸਿੰਘ ਮੁੰਡੀਆਂ (ਸਾਹਨੇਵਾਲ), ਬਰਿੰਦਰ ਕੁਮਾਰ ਗੋਇਲ (ਲਹਿਰਾਗਾਗਾ), ਤਰੁਨਪ੍ਰੀਤ ਸਿੰਘ ਸੌਂਦ (ਖੰਨਾ), ਡਾ. ਰਵਜੋਤ ਸਿੰਘ (ਸ਼ਾਮ ਚੁਰਾਸੀ) ਅਤੇ ਮਹਿੰਦਰ ਭਗਤ (ਜਲੰਧਰ ਪੱਛਮੀ) ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਫੇਰਬਦਲ ਮਗਰੋਂ ਹੁਣ ਪੰਜਾਬ ਵਜ਼ਾਰਤ ਵਿਚ ਮੁੱਖ ਮੰਤਰੀ ਸਮੇਤ ਵਜ਼ੀਰਾਂ ਦੀ ਗਿਣਤੀ 16 ਹੋ ਗਈ ਹੈ, ਜਦੋਂ ਕਿ ਭਵਿੱਖ ’ਚ ਦੋ ਹੋਰ ਨਵੇਂ ਵਜ਼ੀਰ ਲੈਣ ਦੀ ਗੁੰਜਾਇਸ਼ ਰੱਖੀ ਗਈ ਹੈ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ, ਡਾ. ਬਲਜੀਤ ਕੌਰ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ ਆਦਿ ਹਾਜ਼ਰ ਸਨ। ਪੰਜਾਬ ਵਜ਼ਾਰਤ ’ਚੋਂ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਛੁੱਟੀ ਕੀਤੀ ਗਈ ਹੈ। ‘ਆਪ’ ਸਰਕਾਰ ਦਾ ਕੈਬਨਿਟ ’ਚ ਇਹ ਚੌਥਾ ਫੇਰਬਦਲ ਹੈ।
ਨਵੇਂ ਵਜ਼ੀਰਾਂ ਵਿਚੋਂ ਤਿੰਨ ਮਾਲਵੇ ’ਚੋਂ ਅਤੇ ਦੋ ਮੰਤਰੀ ਦੋਆਬੇ ’ਚੋਂ ਲਏ ਗਏ ਹਨ। ਨਵੀਂ ਵਜ਼ਾਰਤ ’ਚ ਮੁੱਖ ਮੰਤਰੀ ਸਮੇਤ ਮਾਲਵੇ ਵਿਚੋਂ 10, ਮਾਝੇ ’ਚੋਂ ਚਾਰ ਅਤੇ ਦੋਆਬੇ ’ਚੋਂ ਦੋ ਮੰਤਰੀ ਹਨ। ਇਸੇ ਤਰ੍ਹਾਂ ਵਜ਼ਾਰਤ ਵਿਚ ਛੇ ਦਲਿਤ ਚਿਹਰੇ ਅਤੇ ਦੋ ਹਿੰਦੂ ਚਿਹਰੇ ਵੀ ਸ਼ਾਮਲ ਹਨ।