Tirupati News: ਤਿਰੂਪਤੀ ਬਾਲਾਜੀ ਮੰਦਰ ਦੇ ਪ੍ਰਸ਼ਾਦ ਨੂੰ ਲੈ ਕੇ ਆਂਧਰਾ ਪ੍ਰਦੇਸ਼ ਵਿੱਚ ਸਿਆਸਤ ਗਰਮਾ ਗਈ ਹੈ। ਪ੍ਰਸਾਦ ਵਿੱਚ ਵਰਤੇ ਜਾਣ ਵਾਲੇ ਘਿਓ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ ਕਿ ਮੱਛੀ ਦੇ ਤੇਲ ਅਤੇ ਜਾਨਵਰਾਂ ਦੀ ਚਰਬੀ ਨੂੰ ਮਿਲਾ ਕੇ ਵਰਤਣ ਦੀ ਪੁਸ਼ਟੀ ਹੋਈ ਹੈ। ਦਸ ਦਇਏ ਕਿ ਨੈਸ਼ਨਲ ਡੇਅਰੀ ਵਿਕਾਸ ਬੋਰਡ ਨੇ ਲੱਡੂਆਂ ਵਿੱਚ ਚਰਬੀ ਅਤੇ ਬੀਫ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਨੈਸ਼ਨਲ ਡੇਅਰੀ ਵਿਕਾਸ ਬੋਰਡ ਦੀ ਰਿਪੋਰਟ ‘ਚ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਪੂਰੇ ਦੇਸ਼ ਦੇ ਸੰਤਾਂ ਵਿੱਚ ਰੋਸ ਹੈ। ਸੰਤ ਕਹਿ ਰਹੇ ਹਨ ਕਿ ਮੰਦਰ ਦੇ ਟਰੱਸਟ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕੀਤਾ ਜਾਵੇ। ਕਿਉਂਕਿ ਇਹ ਮਾਮਲਾ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਨਾਲ ਸਿੱਧਾ ਜੁੜਿਆ ਹੋਇਆ ਹੈ।
ਬੋਰਡ ਦੀ ਰਿਪੋਰਟ ਮੁਤਾਬਕ ਤਿਰੂਪਤੀ ਮੰਦਰ ਦੇ ਲੱਡੂ ਬਣਾਉਣ ਵਿਚ ਮੱਛੀ ਦਾ ਤੇਲ, ਬੀਫ ਅਤੇ ਚਰਬੀ ਦੀ ਵਰਤੋਂ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੱਡੂ ਨਾ ਸਿਰਫ਼ ਸ਼ਰਧਾਲੂਆਂ ਵਿੱਚ ਪ੍ਰਸਾਦ ਵਜੋਂ ਵੰਡੇ ਗਏ, ਸਗੋਂ ਇਹ ਲੱਡੂ ਪ੍ਰਸਾਦ ਵਜੋਂ ਭਗਵਾਨ ਨੂੰ ਵੀ ਭੇਟ ਕੀਤੇ ਗਏ।
ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵਾਈਐਸ ਜਗਨ ਮੋਹਨ ਰੈਡੀ ਨੂੰ ਘੇਰਿਆ ਅਤੇ ਦੋਸ਼ ਲਾਇਆ ਕਿ ਪਿਛਲੀ ਵਾਈਐਸਆਰਸੀਪੀ ਸਰਕਾਰ ਨੇ ਤਿਰੁਮਾਲਾ ਵਿੱਚ ਤਿਰੂਪਤੀ ਲੱਡੂ ਪ੍ਰਸਾਦਮ ਤਿਆਰ ਕਰਨ ਲਈ ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਸੀ।
ਇਹ ਪ੍ਰਸਾਦ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਆਉਣ ਵਾਲੇ ਕਰੋੜਾਂ ਸ਼ਰਧਾਲੂਆਂ ਨੂੰ ਦਿੱਤਾ ਜਾਂਦਾ ਹੈ। ਸੀਐਮ ਨਾਇਡੂ ਨੇ ਦੋਸ਼ ਲਗਾਇਆ ਸੀ ਕਿ ਤਿਰੁਮਾਲਾ ਲੱਡੂ ਵੀ ਘਟੀਆ ਸਮੱਗਰੀ ਤੋਂ ਬਣਾਏ ਗਏ ਸਨ।
ਸੀਐਮ ਚੰਦਰਬਾਬੂ ਨਾਇਡੂ ਦਾ ਇਲਜ਼ਾਮ
ਅਮਰਾਵਤੀ ਵਿੱਚ ਐਨਡੀਏ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਕਿਹਾ ਸੀ ਕਿ ਹੁਣ ਲੱਡੂ ਤਿਆਰ ਕਰਨ ਲਈ ਸ਼ੁੱਧ ਘਿਓ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੰਦਰ ਵਿੱਚ ਹਰ ਚੀਜ਼ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ। ਇਸ ਨਾਲ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਸੀਐਮ ਚੰਦਰਬਾਬੂ ਨਾਇਡੂ ਦੇ ਪਿਛਲੀ ਸਰਕਾਰ ਤੇ ਲਾਏ ਇਨ੍ਹਾਂ ਦੋਸ਼ਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਸਿਆਸਤ ਗਰਮਾ ਗਈ ਹੈ। ਆਂਧਰਾ ਪ੍ਰਦੇਸ਼ ਦੇ ਆਈਟੀ ਮੰਤਰੀ ਨਾਰਾ ਲੋਕੇਸ਼ ਨੇ ਐਕਸ ‘ਤੇ ਚੰਦਰਬਾਬੂ ਨਾਇਡੂ ਦੀ ਟਿੱਪਣੀ ਨੂੰ ਸਾਂਝਾ ਕਰਦੇ ਹੋਏ ਇਸ ਮੁੱਦੇ ‘ਤੇ ਜਗਨ ਮੋਹਨ ਰੈੱਡੀ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਵਾਈਐਸਆਰਸੀਪੀ ਸਰਕਾਰ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਨਹੀਂ ਕਰ ਸਕਦੀ। ਦੂਜੇ ਪਾਸੇ ਨਾਰਾ ਲੋਕੇਸ਼ ਨੇ ਵੀ ਐਕਸ ‘ਤੇ YSRCP ਸਰਕਾਰ ਦੀ ਨਿਖੇਧੀ ਕੀਤੀ।
ਦੂਜੇ ਪਾਸੇ YSRCP ਨੇ ਵੀ ਇਸ ਵਿਵਾਦ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨਾਇਡੂ ਸਿਆਸੀ ਫ਼ਾਇਦੇ ਲਈ ਕਿਸੇ ਵੀ ਪੱਧਰ ’ਤੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕਰਕੇ ਮੁੱਖ ਮੰਤਰੀ ਨੇ ਬ੍ਰਹਮ ਮੰਦਰ ਤਿਰੁਮਾਲਾ ਦੀ ਪਵਿੱਤਰਤਾ ਅਤੇ ਕਰੋੜਾਂ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ।