Mathura News: ਮਥੁਰਾ ਜੰਕਸ਼ਨ ‘ਤੇ ਬੁੱਧਵਾਰ ਰਾਤ ਨੂੰ ਕੋਲੇ ਨਾਲ ਭਰੀ ਮਾਲ ਗੱਡੀ ਦੇ 27 ਡੱਬੇ ਪਟੜੀ ਤੋਂ ਉਤਰ ਗਏ। ਕਪਲਿੰਗ ਟੁੱਟਣ ਕਾਰਨ ਡੱਬੇ ਇਕ-ਦੂਜੇ ‘ਤੇ ਚੜ੍ਹ ਕੇ ਪਲਟ ਗਏ। ਹਾਦਸੇ ਕਾਰਨ ਡਾਊਨ ਅਤੇ ਅੱਪ ਲਾਈਨਾਂ ‘ਤੇ ਕੋਲੇ ਦੇ ਢੇਰ ਲੱਗ ਗਏ, ਜਿਸ ਕਾਰਨ ਰੇਲ ਆਵਾਜਾਈ ਠੱਪ ਹੋ ਗਈ। 12 ਟਰੇਨਾਂ ਦੇ ਮਾਰਗ ਬਦਲ ਦਿੱਤੇ ਗਏ ਹਨ। ਹਾਲਾਂਕਿ ਅਨੇਕਾਂ ਕੋਸ਼ਿਸ਼ਾਂ ਤੋਂ ਬਾਅਦ, ਮਥੁਰਾ-ਦਿੱਲੀ ਵਿਚਕਾਰ ਚੌਥੀ ਲਾਈਨ 10.30 ਵਜੇ ਚਾਲੂ ਕਰ ਦਿੱਤੀ ਗਈ। ਬਾਕੀ ਤਿੰਨ ਲਾਈਨਾਂ ‘ਤੇ ਰੇਲ ਆਵਾਜਾਈ ਫਿਲਹਾਲ ਠੱਪ ਹੈ। ਰੇਲਵੇ ਰਾਹਤ ਟੀਮ ਅਤੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਸਟੇਸ਼ਨ ਡਾਇਰੈਕਟਰ ਮਥੁਰਾ ਜੰਕਸ਼ਨ ਐਸਕੇ ਸ੍ਰੀਵਾਸਤਵ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਮਾਲ ਗੱਡੀ ਨੰਬਰ ਐਸਟੀਪੀਬੀ ਝਾਰਖੰਡ ਤੋਂ ਸੂਰਤਗੜ੍ਹ ਥਰਮਲ ਪਲਾਂਟ ਕੋਲਾ ਲੈ ਕੇ ਜਾ ਰਹੀ ਸੀ। ਇਸ ਟਰੇਨ ਵਿੱਚ 59 ਡੱਬੇ ਸਨ। ਬੁੱਧਵਾਰ ਰਾਤ ਕਰੀਬ 7:54 ਵਜੇ ਜਦੋਂ ਟਰੇਨ ਵ੍ਰਿੰਦਾਵਨ ਰੋਡ ਰੇਲਵੇ ਸਟੇਸ਼ਨ ਤੋਂ ਕਰੀਬ 800 ਮੀਟਰ ਅੱਗੇ ਲੰਘੀ ਤਾਂ ਮਥੁਰਾ ‘ਚ ਪਿੱਲਰ ਨੰਬਰ 1408/14 ਨੇੜੇ ਮਾਲ ਗੱਡੀ ਦੇ 59 ਡੱਬਿਆਂ ‘ਚੋਂ 27 ਡੱਬੇ ਪਟੜੀ ਤੋਂ ਉਤਰ ਗਏ। ਮੌਕੇ ‘ਤੇ ਸਥਿਤੀ ਅਜਿਹੀ ਸੀ ਕਿ ਕਈ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹੇ ਹੋਏ ਸਨ। ਟਰੇਨ ਦੇ ਪਟੜੀ ਤੋਂ ਉਤਰਦੇ ਹੀ ਜ਼ੋਰਦਾਰ ਆਵਾਜ਼ ਆਈ। ਮਾਲਗੱਡੀ ਦੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲਦੇ ਹੀ ਰੇਲਵੇ ‘ਚ ਹੜਕੰਪ ਮੱਚ ਗਿਆ। ਤੁਰੰਤ ਰਾਹਤ ਗੱਡੀ ਨੂੰ ਘਟਨਾ ਸਥਾਨ ਵੱਲ ਭੇਜਿਆ ਗਿਆ। ਰੇਲਵੇ ਦੇ ਡੀਆਰਐਮ ਅਤੇ ਸਟੇਸ਼ਨ ਡਾਇਰੈਕਟਰ ਮੌਕੇ ’ਤੇ ਪੁੱਜੇ। ਮੌਕੇ ‘ਤੇ ਦੇਖਿਆ ਗਿਆ ਕਿ ਇੰਜਣ ਦੀ ਕਪਲਿੰਗ ਟੁੱਟ ਗਈ ਸੀ ਅਤੇ ਇਸ ਦੇ ਪਿੱਛੇ ਲਗਪਗ 27 ਡੱਬੇ ਪਟੜੀ ਤੋਂ ਉਤਰ ਗਏ ਸਨ।
ਮਾਲ ਗੱਡੀ ਪਲਟਣ ਤੋਂ ਬਾਅਦ ਚਾਰੇ ਲਾਈਨਾਂ ‘ਤੇ ਆਵਾਜਾਈ ਠੱਪ ਹੋ ਗਈ। ਚੌਥੀ ਲਾਈਨ ਸੁਰੱਖਿਅਤ ਜਾਪ ਰਹੀ ਸੀ ਪਰ ਪਹਿਲਾਂ ਰੇਲਵੇ ਅਧਿਕਾਰੀਆਂ ਨੇ ਇਸ ਦੀ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਰਾਤ ਕਰੀਬ 10:30 ਵਜੇ ਇਕ ਮਾਲ ਗੱਡੀ ਨੂੰ ਸਭ ਤੋਂ ਪਹਿਲਾਂ ਇਸ ਤੋਂ ਲੰਘਾਇਆ ਗਿਆ। ਇਸ ਦੇ ਸੁਰੱਖਿਅਤ ਲੰਘਣ ਤੋਂ ਬਾਅਦ, ਝਾਂਸੀ ਤੋਂ ਦਿੱਲੀ ਤੱਕ ਸ਼ਤਾਬਦੀ ਨੂੰ ਇਸ ਲਾਈਨ ਤੋਂ ਲੰਘਾਇਆ ਗਿਆ।
ਡੀਆਰਐਮ ਤੇਜ ਪ੍ਰਕਾਸ਼ ਅਗਰਵਾਲ ਅਨੁਸਾਰ ਮਾਲ ਗੱਡੀ ਐਸਟੀਪੀਬੀ ਕੋਲਾ ਲੈ ਕੇ ਸੂਰਤਗੜ੍ਹ ਥਰਮਲ ਪਲਾਂਟ ਜਾ ਰਹੀ ਸੀ। ਇਹ ਹਾਦਸਾ ਸ਼ਾਮ ਕਰੀਬ 7:54 ਵਜੇ ਵਾਪਰਿਆ। ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਹਨ। ਤਿੰਨ ਲਾਈਨਾਂ ਪ੍ਰਭਾਵਿਤ ਹਨ। ਚੌਥੀ ਲਾਈਨ ਤੋਂ ਰੇਲ ਆਵਾਜਾਈ ਨੂੰ ਸੁਚਾਰੂ ਕਰ ਦਿੱਤਾ ਗਿਆ ਹੈ। ਇਸ ਹਾਦਸੇ ਕਾਰਨ ਕਈ ਟਰੇਨਾਂ ਦੇ ਰੂਟ ਮੋੜ ਦਿੱਤੇ ਗਏ ਹਨ, ਜਦਕਿ ਕੁਝ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਹਾਦਸੇ ‘ਚ ਕੋਈ ਸਾਜ਼ਿਸ਼ ਹੈ ਜਾਂ ਨਹੀਂ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਅਸੀਂ ਰੇਲ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਰੁੱਝੇ ਹੋਏ ਹਾਂ।
ਹਿੰਦੂਸਥਾਨ ਸਮਾਚਾਰ