Kolkata Case: ਆਰ.ਜੀ. ਕਰ ਹਸਪਤਾਲ ਦੇ ਜੂਨੀਅਰ ਡਾਕਟਰਾਂ ਦੇ ਅੰਦੋਲਨ ਨੂੰ ਲੈ ਕੇ ਸੂਬਾ ਸਰਕਾਰ ਅਤੇ ਜੂਨੀਅਰ ਡਾਕਟਰਾਂ ਵਿਚਾਲੇ ਟਕਰਾਅ ਜਾਰੀ ਹੈ। ਸਰਕਾਰ ਜੂਨੀਅਰ ਡਾਕਟਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਰਹੀ ਹੈ, ਜਦਕਿ ਜੂਨੀਅਰ ਡਾਕਟਰ ਆਪਣਿਆਂ ਮੰਗਾ ’ਤੇ ਅੜੇ ਹੋਏ ਹਨ। ਬੁੱਧਵਾਰ ਨੂੰ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵਾਨ ਵਿੱਚ ਉਦਯੋਗਪਤੀਆਂ ਨਾਲ ਇੱਕ ਮੀਟਿੰਗ ਦੌਰਾਨ ਇਸ ਮੁੱਦੇ ‘ਤੇ ਚਰਚਾ ਕੀਤੀ, ਜਿੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਜੂਨੀਅਰ ਡਾਕਟਰ ਕੰਮ ‘ਤੇ ਵਾਪਸ ਨਹੀਂ ਆਉਂਦੇ ਤਾਂ ਸੂਬਾ ਸਰਕਾਰ ਸਖਤ ਕਾਰਵਾਈ ਕਰ ਸਕਦੀ ਹੈ। ਹੁਣ ਇਸ ‘ਤੇ ਜੂਨੀਅਰ ਡਾਕਟਰਾਂ ਦੇ ਸਮਰਥਨ ‘ਚ ਸੀਨੀਅਰ ਡਾਕਟਰ ਵੀ ਆ ਗਏ ਹਨ। ਉਨ੍ਹਾਂ ਨੇ ਸਿਹਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਠੱਪ ਕਰਨ ਦੀ ਚੇਤਾਵਨੀ ਦਿੱਤੀ ਹੈ।
ਸੀਨੀਅਰ ਡਾਕਟਰਾਂ ਨੇ ਜੂਨੀਅਰ ਡਾਕਟਰਾਂ ਦੇ ਸਮਰਥਨ ਵਿੱਚ ਆਪਣਾ ਪੱਖ ਪੇਸ਼ ਕੀਤਾ ਹੈ। ਸੀਨੀਅਰ ਡਾਕਟਰ ਅਭਿਜੀਤ ਚੌਧਰੀ ਨੇ ਕਿਹਾ, “ਪ੍ਰਸ਼ਾਸਨ ਨੂੰ ਹੇਠਾਂ ਆ ਕੇ ਸਵੀਕਾਰ ਕਰਨਾ ਪਏਗਾ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ।” ਸੀਨੀਅਰ ਡਾਕਟਰ ਨਰਾਇਣ ਬੰਦੋਪਾਧਿਆਏ ਨੇ ਕਿਹਾ, “ਜੇਕਰ ਇੱਕ ਜੂਨੀਅਰ ਡਾਕਟਰ ਨੂੰ ਵੀ ਮੁਅੱਤਲ ਕੀਤਾ ਜਾਂਦਾ ਹੈ, ਤਾਂ ਅਸੀਂ ਓਪੀਡੀ ਸੇਵਾਵਾਂ ਬੰਦ ਕਰ ਦੇਵਾਂਗੇ।”
ਸਿਹਤ ਸੂਬਾ ਮੰਤਰੀ ਚੰਦਰੀਮਾ ਭੱਟਾਚਾਰੀਆ ਨੇ ਕਿਹਾ, “ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਅਤੇ ਮੁੱਖ ਮੰਤਰੀ ਨੇ ਅਜੇ ਤੱਕ ਕੋਈ ਨਕਾਰਾਤਮਕ ਕਦਮ ਨਹੀਂ ਚੁੱਕਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦਾ ਉਦੇਸ਼ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਅਤੇ ਡਾਕਟਰਾਂ ਨੂੰ ਰਾਜਨੀਤੀ ਤੋਂ ਦੂਰ ਰਹਿ ਕੇ ਆਪਣੇ ਕਿੱਤੇ ਨੂੰ ਅਪਣਾਉਣਾ ਚਾਹੀਦਾ ਹੈ।