Tripura News: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ, ਤ੍ਰਿਪੁਰਾ ਸਰਕਾਰ, ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ (ਐਨਐਲਐਫਟੀ) ਅਤੇ ਆਲ ਤ੍ਰਿਪੁਰਾ ਟਾਈਗਰ ਫੋਰਸ (ਏਟੀਟੀਐਫ) ਦੇ ਨੁਮਾਇੰਦਿਆਂ ਦਰਮਿਆਨ ਇੱਕ ਸਮਝੌਤਾ ਪੱਤਰ ਉੱਤੇ ਹਸਤਾਖਰ ਕੀਤੇ ਗਏ। ਸਮਝੌਤੇ ‘ਤੇ ਹਸਤਾਖਰ ਕਰਨ ਸਮੇਂ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ, ਗ੍ਰਹਿ ਮੰਤਰਾਲੇ ਅਤੇ ਤ੍ਰਿਪੁਰਾ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਦੋਵੇਂ ਸੰਗਠਨਾਂ ਦੇ ਨੇਤਾ ਮੌਜੂਦ ਸਨ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦੇ ਸਮਝੌਤੇ ਨਾਲ ਦੋਵਾਂ ਸੰਗਠਨਾਂ ਦੇ 328 ਵਰਕਰ ਮੁੱਖ ਧਾਰਾ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਮਝੌਤੇ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਸਰਕਾਰ ਖੇਤਰ ਦੇ ਵਿਕਾਸ ਅਤੇ ਅਲੱਗ-ਥਲੱਗ ਹੋਣ ਦੇ ਕਾਰਨਾਂ ਨੂੰ ਜੜ੍ਹੋਂ ਪੁੱਟਣ ਲਈ ਕੰਮ ਕਰੇਗੀ। ਸਰਕਾਰ ਨੇ ਇਲਾਕੇ ਦੇ ਵਿਕਾਸ ਲਈ 2500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਸ ਨਾਲ ਕਬਾਇਲੀ ਖੇਤਰ ਦਾ ਵਿਕਾਸ ਹੋਵੇਗਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਸਮਝੌਤੇ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਹੈ। ਅਸੀਂ ਸਮਝੌਤਿਆਂ ਨੂੰ ਦਿਲੋਂ ਲਾਗੂ ਕੀਤਾ ਹੈ। ਨਤੀਜਾ ਇਹ ਹੈ ਕਿ ਲੋਕ ਮੁੱਖ ਧਾਰਾ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਵਿਕਾਸ ਵਿੱਚ ਹਿੱਸੇਦਾਰ ਬਣ ਰਹੇ ਹਨ। ਮੋਦੀ ਸਰਕਾਰ ਗੱਲਬਾਤ ਅਤੇ ਸ਼ਾਂਤੀ ਦੇ ਮਾਹੌਲ ਵਿੱਚ ਸਮਰੱਥ ਅਤੇ ਵਿਕਸਤ ਉੱਤਰ-ਪੂਰਬ ਲਈ ਕੰਮ ਕਰ ਰਹੀ ਹੈ। ਸੜਕ, ਰੇਲ ਅਤੇ ਜਹਾਜ਼ ਤੋਂ ਇਲਾਵਾ ਸਰਕਾਰ ਦਿਲਾਂ ਦੀ ਦੂਰੀ ਨੂੰ ਘੱਟ ਕਰਨ ਲਈ ਵੀ ਕੰਮ ਕਰ ਰਹੀ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉੱਤਰ-ਪੂਰਬ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਹਾਲ ਕਰਨ ਲਈ 12 ਮਹੱਤਵਪੂਰਨ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ, ਜਿਨ੍ਹਾਂ ਵਿੱਚੋਂ 3 ਤ੍ਰਿਪੁਰਾ ਰਾਜ ਨਾਲ ਸਬੰਧਤ ਹਨ। ਮੋਦੀ ਸਰਕਾਰ ਦੇ ਇਨ੍ਹਾਂ ਸਮਝੌਤਿਆਂ ਕਾਰਨ 10 ਹਜ਼ਾਰ ਦੇ ਕਰੀਬ ਲੋਕ ਹਥਿਆਰ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਸਮਝੌਤਾ 35 ਸਾਲਾਂ ਤੋਂ ਚੱਲੇ ਆ ਰਹੇ ਡੈੱਡਲਾਕ ਨੂੰ ਖਤਮ ਕਰ ਦੇਵੇਗਾ।
ਹਿੰਦੂਸਥਾਨ ਸਮਾਚਾਰ