Kolkata News: ਆਰ.ਜੀ. ਕਰ ਮੈਡੀਕਲ ਕਾਲਜ ‘ਤੇ ਹੋਏ ਹਮਲੇ ‘ਚ ਪੁਲਿਸ ਦੀ ਲਾਪ੍ਰਵਾਹੀ ਨੂੰ ਲੈ ਕੇ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੂਨੀਅਰ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਐਤਵਾਰ ਦੁਪਹਿਰ ਤੋਂ ਸ਼ੁਰੂ ਹੋਇਆ ਇਹ ਵਿਰੋਧ ਪ੍ਰਦਰਸ਼ਨ ਸੋਮਵਾਰ ਸਵੇਰ ਤੱਕ ਰਾਤ ਭਰ ਨਾਅਰੇਬਾਜ਼ੀ ਨਾਲ ਜਾਰੀ ਰਿਹਾ। ਲਾਲਬਾਜ਼ਾਰ ਨੇੜੇ ਪੁਲਿਸ ਵੱਲੋਂ ਲਾਏ ਨੌਂ ਫੁੱਟ ਉੱਚੇ ਬੈਰੀਕੇਡ ਦੇ ਇੱਕ ਪਾਸੇ ਜੂਨੀਅਰ ਡਾਕਟਰ ਆਪਣੇ ਪ੍ਰਦਰਸ਼ਨ ’ਤੇ ਅੜੇ ਹੋਏ ਹਨ, ਜਦਕਿ ਦੂਜੇ ਪਾਸੇ ਪੁਲਿਸ ਫੋਰਸ ਤਾਇਨਾਤ ਹੈ। ਕਰੀਬ 12 ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਇਸ ਪ੍ਰਦਰਸ਼ਨ ਵਿੱਚ ਜੂਨੀਅਰ ਡਾਕਟਰਾਂ ਨੇ ਪੁਲਿਸ ਕਮਿਸ਼ਨਰ (ਸੀ.ਪੀ.) ਤੋਂ ਅਸਤੀਫ਼ੇ ਦੀ ਮੰਗ ਕੀਤੀ।
ਜੂਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਕਮਿਸ਼ਨਰ ਅਸਤੀਫ਼ਾ ਨਹੀਂ ਦਿੰਦੇ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਡਾਕਟਰਾਂ ਨੇ ਪ੍ਰਤੀਕ ਤੌਰ ‘ਤੇ ਗੁਲਾਬ ਦੇ ਫੁੱਲ ਅਤੇ ਪੁਲਿਸ ਦੀ ਰੀੜ੍ਹ ਦੀ ਹੱਡੀ ਦੇ ਚਿੱਤਰ ਨਾਲ ਲਾਲਬਾਜ਼ਾਰ ਵੱਲ ‘ਮਿਸ਼ਨ ਲਾਲਬਾਜ਼ਾਰ’ ਦੀ ਸ਼ੁਰੂਆਤ ਕੀਤੀ। ਪੁਲਿਸ ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਲੋਹੇ ਦੇ ਬੈਰੀਕੇਡ ਲਗਾ ਦਿੱਤੇ ਹਨ ਪਰ ਡਾਕਟਰ ਬੈਰੀਕੇਡਾਂ ਸਾਹਮਣੇ ਬੈਠ ਕੇ ਵਿਰੋਧ ਕਰ ਰਹੇ ਹਨ। ਸੈਂਕੜੇ ਜੂਨੀਅਰ ਡਾਕਟਰ ਬੀਬੀ ਗਾਂਗੁਲੀ ਸਟ੍ਰੀਟ ’ਤੇ ਰਾਤ ਭਰ ਕੋਲਕਾਤਾ ਪੁਲਿਸ ਅਤੇ ਵਿਨੀਤ ਗੋਇਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਉਨ੍ਹਾਂ ਨੇ ਸੜਕਾਂ ‘ਤੇ ਕਈ ਨਾਅਰੇ ਲਿਖੇ ਹਨ, ਜਿਨ੍ਹਾਂ ‘ਚ ਪੁਲਿਸ ਦੀ ਲਾਪਰਵਾਹੀ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੀ ਗੱਲ ਕੀਤੀ ਗਈ ਹੈ। ਡਾਕਟਰਾਂ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਡਾਕਟਰ ਕੌਸ਼ਿਕ ਨੇ ਦੱਸਿਆ ਕਿ ਰੈਲੀ ਨੂੰ ਬੈਂਟਿੰਕ ਸਟ੍ਰੀਟ ਅਤੇ ਬੀਬੀ ਗਾਂਗੁਲੀ ਸਟ੍ਰੀਟ ਦੇ ਕ੍ਰਾਸਿੰਗ ਤੱਕ ਜਾਣ ਦਿੱਤਾ ਗਿਆ। ਸਾਡੀ ਇੱਕੋ ਮੰਗ ਹੈ ਕਿ ਸਾਨੂੰ ਉੱਥੇ ਜਾਣ ਦਿੱਤਾ ਜਾਵੇ। ਉਸ ਤੋਂ ਬਾਅਦ ਡਾਕਟਰਾਂ ਦਾ ਵਫ਼ਦ ਲਾਲ ਬਾਜ਼ਾਰ ਜਾ ਕੇ ਮੰਗ ਪੱਤਰ ਸੌਂਪੇਗਾ।
ਹਿੰਦੂਸਥਾਨ ਸਮਾਚਾਰ