Kolkata News: ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਾਰੀ ਗਈ ਡਾਕਟਰ ਦੀ ਮਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਰਾਜਪਾਲ ਸਮੇਤ ਦੇਸ਼ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਦੁਖਦਾਈ ਘਟਨਾ ਪਿੱਛੇ ਹਸਪਤਾਲ ਦੇ ਅੰਦਰ ਦੇ ਹੀ ਕੁਝ ਲੋਕਾਂ ਦਾ ਹੱਥ ਹੈ।
ਮ੍ਰਿਤਕ ਦੀ ਮਾਂ ਨੇ ਆਪਣੇ ਪੱਤਰ ਵਿੱਚ ਲਿਖਿਆ, “ਸਾਡੀ ਬੇਟੀ ਦਾ ਬਚਪਨ ਤੋਂ ਹੀ ਡਾਕਟਰ ਬਣਨ ਦਾ ਸੁਪਨਾ ਸੀ। ਕੀ ਉਹ ਲੜਕੀ ਹੋਣ ਕਾਰਨ ਉਸਦੇ ਡਾਕਟਰ ਬਣਨ ਦੇ ਸੁਪਨੇ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਸੀ? ਇਸ ਬੇਰਹਿਮ, ਅਣਮਨੁੱਖੀ ਅਤੇ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਅਤੇ ਉਸਦੇ ਸੁਪਨਿਆਂ ਦਾ ਗਲਾ ਘੁੱਟ ਦਿੱਤਾ ਗਿਆ। ਜੋ ਇਸ ਘਟਨਾ ਵਿੱਚ ਸ਼ਾਮਲ ਸਨ, ਉਨ੍ਹਾਂ ਨੇ ਸਬੂਤ ਨਸ਼ਟ ਕਰਨ ਅਤੇ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ।”
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਵਾਲੀ ਰਾਤ 11:15 ਵਜੇ ਆਪਣੀ ਬੇਟੀ ਨਾਲ ਆਖਰੀ ਵਾਰ ਗੱਲ ਕੀਤੀ ਸੀ, ਜਦੋਂ ਉਹ ਹੱਸ ਕੇ ਆਮ ਗੱਲ ਕਰ ਰਹੀ ਸੀ। ਪਰ ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਧੀ ਹੁਣ ਨਹੀਂ ਰਹੀ। ਉਨ੍ਹਾਂ ਕਿਹਾ, “ਸਾਨੂੰ ਸਵੇਰੇ 10:53 ‘ਤੇ ਹਸਪਤਾਲ ਪ੍ਰਸ਼ਾਸਨ ਤੋਂ ਪਹਿਲਾ ਫ਼ੋਨ ਆਇਆ ਅਤੇ ਕਿਹਾ ਗਿਆ ਕਿ ਤੁਹਾਡੀ ਬੇਟੀ ਬਿਮਾਰ ਹੈ, ਤੁਸੀਂ ਜਲਦੀ ਆ ਜਾਓ। ਅਸੀਂ ਤੁਰੰਤ ਹਸਪਤਾਲ ਲਈ ਰਵਾਨਾ ਹੋ ਗਏ। ਰਸਤੇ ‘ਚ ਸਾਨੂੰ ਦੁਬਾਰਾ ਫ਼ੋਨ ਆਇਆ। – ‘ਤੁਹਾਡੀ ਧੀ ਨੇ ਖੁਦਕੁਸ਼ੀ ਕਰ ਲਈ ਹੈ।’ ਇਹ ਸੁਣਦਿਆਂ ਹੀ ਸਾਡੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ।’’
ਜਦੋਂ ਉਹ ਹਸਪਤਾਲ ਪਹੁੰਚੇ ਤਾਂ ਇੱਕ ਸੁਰੱਖਿਆ ਗਾਰਡ ਉਨ੍ਹਾਂ ਚੈਸਟ ਮੈਡੀਸਨ ਵਿਭਾਗ ਵਿੱਚ ਲੈ ਗਿਆ। ਉੱਥੇ ਪਹੁੰਚ ਕੇ ਉਹ ਆਪਣੀ ਧੀ ਨੂੰ ਦੇਖਣ ਲਈ ਬੇਨਤੀ ਕਰਦੇ ਰਹੇ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਨੇ ਕਿਹਾ, “ਅਸੀਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਨੂੰ ਇੱਕ ਵਾਰ ਸਾਡੀ ਧੀ ਨੂੰ ਦੇਖਣ ਦਿਓ, ਪਰ ਸਾਨੂੰ ਇਨਕਾਰ ਕਰ ਦਿੱਤਾ ਗਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਘਟਨਾ ਬਾਰੇ ਗੱਲ ਕਰਨ ਲਈ ਨਹੀਂ ਆਇਆ। ਲਗਭਗ ਤਿੰਨ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।’’
ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੀ ਬੇਟੀ ਦੀ ਲਾਸ਼ ਦੇਖੀ ਤਾਂ ਉਨ੍ਹਾਂ ਨੂੰ ਲੱਗਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਸਾਹਮਣੇ ਕਹਾਣੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਘਟਨਾ ਤੋਂ ਬਾਅਦ ਉੱਥੇ ਜੋ ਕੁਝ ਵਾਪਰਿਆ, ਉਸਨੂੰ ਦੇਖਦੇ ਹੋਏ, ਅਜਿਹਾ ਨਹੀਂ ਲੱਗ ਰਿਹਾ ਸੀ ਕਿ ਕਿਸੇ ਗੰਭੀਰ ਘਟਨਾ ਦੇ ਸਬੂਤ ਨੂੰ ਬਚਾਇਆ ਗਿਆ ਸੀ। ਜਿਸ ਸਥਾਨ ‘ਤੇ ਅਪਰਾਧ ਹੋਇਆ ਸੀ, ਉੱਥੇ ਕੋਈ ਵਿਸ਼ੇਸ਼ ਸੁਰੱਖਿਆ ਉਪਾਅ ਵੀ ਨਹੀਂ ਕੀਤੇ ਗਏ ਸਨ।”
ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਧੀ ਦੀ ਲਾਸ਼ ਨੂੰ ਉਹ ਕੁਝ ਸਮੇਂ ਲਈ ਆਪਣੇ ਕੋਲ ਰੱਖਣਾ ਚਾਹੁੰਦੇ ਸੀ ਪਰ ਪੁਲਿਸ ਅਤੇ ਪ੍ਰਸ਼ਾਸਨ ਦੇ ਦਬਾਅ ਕਾਰਨ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ, “ਪੁਲਿਸ ਉਦੋਂ ਤੱਕ ਸਰਗਰਮ ਰਹੀ ਜਦੋਂ ਤੱਕ ਮੇਰੀ ਧੀ ਦੀ ਲਾਸ਼ ਨੂੰ ਅੰਤਿਮ ਸੰਸਕਾਰ ਵਿੱਚ ਦਾਖਲ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਉਹ ਉਥੋਂ ਚਲੇ ਗਏ।”
ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਉਸ ਦੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਅਤੇ ਮਾਪਿਆਂ ਦੇ ਦਿਲ ਨੂੰ ਸਕੂਨ ਮਿਲ ਸਕੇ।
ਹਿੰਦੂਸਥਾਨ ਸਮਾਚਾਰ