Kolkata News: ਕੇਂਦਰੀ ਜਾਂਚ ਬਿਊਰੋ (CBI) ਨੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਨਾਲ ਤਿੰਨ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। 53 ਸਾਲਾ ਘੋਸ਼ ਦੇ ਨਾਲ-ਨਾਲ 52 ਸਾਲਾ ਵਿਪਲਵ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਿੰਘ ਹਸਪਤਾਲ ਨੂੰ ਦਵਾਈਆਂ ਆਦਿ ਸਪਲਾਈ ਕਰਦਾ ਹੈ। 46 ਸਾਲਾ ਵਿਕਰੇਤਾ ਸੁਮਨ ਹਾਜ਼ਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 44 ਸਾਲਾ ਅਧਿਕਾਰੀ ਅਲੀ, ਜੋ ਸੰਦੀਪ ਘੋਸ਼ ਦਾ ਵਧੀਕ ਸੁਰੱਖਿਆ ਇੰਚਾਰਜ ਸੀ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਸੀਬੀਆਈ ਨੇ ਸੋਮਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। 16 ਅਗਸਤ ਤੋਂ ਸੰਦੀਪ ਘੋਸ਼ ਨੂੰ ਲਗਾਤਾਰ 16 ਦਿਨ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ, ਜਿਸ ‘ਚ ਸਿਰਫ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਹੋਈ। ਸੋਮਵਾਰ ਨੂੰ ਉਨ੍ਹਾਂ ਨੂੰ ਦੁਬਾਰਾ ਸੀਜੀਓ ਕੰਪਲੈਕਸ ਬੁਲਾਇਆ ਗਿਆ। ਇੱਥੋਂ ਉਨ੍ਹਾਂ ਨੂੰ ਨਿਜ਼ਾਮ ਪੈਲੇਸ ਲਿਜਾਇਆ ਗਿਆ ਅਤੇ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕਰ ਲਿਆ। ਚਾਰਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਆਰਜੀ ਕਰ ਮੈਡੀਕਲ ਕਾਲਜ ਵਿੱਚ 9 ਅਗਸਤ ਨੂੰ ਇੱਕ ਮਹਿਲਾ ਸਿਖਿਆਰਥੀ ਡਾਕਟਰ ਦੇ ਜਬਰ ਜ਼ਨਾਹ ਅਤੇ ਕਤਲ ਤੋਂ ਬਾਅਦ ਸੰਦੀਪ ਘੋਸ਼ ਦੀ ਭੂਮਿਕਾ ਉੱਤੇ ਸਵਾਲ ਉੱਠ ਰਹੇ ਸਨ। ਸੀਬੀਆਈ ਨੇ ਉਨ੍ਹਾਂ ਨੂੰ ਪਹਿਲੀ ਵਾਰ 15 ਅਗਸਤ ਨੂੰ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਅਗਲੇ ਦਿਨ ਉਨ੍ਹਾਂ ਨੂੰ ਸੜਕ ਤੋਂ ਹੀ ਸੀਬੀਆਈ ਦੀ ਗੱਡੀ ਵਿੱਚ ਸੀਜੀਓ ਕੰਪਲੈਕਸ ਲਿਜਾਇਆ ਗਿਆ। 24 ਅਗਸਤ ਤੱਕ ਉਨ੍ਹਾਂ ਨੂੰ ਲਗਾਤਾਰ ਨੌਂ ਦਿਨ ਬੁਲਾਇਆ ਗਿਆ ਅਤੇ ਹਰ ਰੋਜ਼ 10 ਤੋਂ 14 ਘੰਟੇ ਸੀਬੀਆਈ ਦਫ਼ਤਰ ਵਿੱਚ ਰਹਿਣਾ ਪਿਆ। 25 ਅਗਸਤ ਨੂੰ ਸੀਬੀਆਈ ਦੀ ਟੀਮ ਨੇ ਸੰਦੀਪ ਘੋਸ਼ ਦੇ ਬੇਲੀਆਘਾਟਾ ਸਥਿਤ ਘਰ ‘ਤੇ ਛਾਪਾ ਮਾਰਿਆ ਸੀ। ਕਰੀਬ 75 ਮਿੰਟ ਬਾਅਦ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਸੀਬੀਆਈ ਅਧਿਕਾਰੀ ਅੰਦਰ ਗਏ। ਜ਼ਿਕਰਯੋਗ ਹੈ ਕਿ ਕਲਕੱਤਾ ਹਾਈ ਕੋਰਟ ਦੇ ਹੁਕਮਾਂ ‘ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਵਿੱਤੀ ਬੇਨਿਯਮੀਆਂ ਦੀ ਜਾਂਚ ਵੀ ਸੀਬੀਆਈ ਨੂੰ ਸੌਂਪੀ ਗਈ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਸੀ ਅਤੇ ਸੰਦੀਪ ਘੋਸ਼ ਸਮੇਤ ਸੱਤ ਲੋਕਾਂ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਸੀ।
ਹਿੰਦੂਸਥਾਨ ਸਮਾਚਾਰ