Kiev News: ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਲੜਾਕੂ ਜਹਾਜ਼ ਐੱਫ-16 ਦੇ ਹਾਦਸਾਗ੍ਰਸਤ ਹੋਣ ‘ਤੇ ਯੂਕ੍ਰੇਨ ਦੀ ਹਵਾਈ ਸੈਨਾ ਦੇ ਕਮਾਂਡਰ ਮਾਈਕੋਲਾ ਓਲੇਸ਼ਚੁਕ ਨੂੰ ਬਰਖਾਸਤ ਕਰ ਦਿੱਤਾ। ਰਿਪੋਰਟ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਇਹ ਕਾਰਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਰੂਸੀ ਹਮਲੇ ਨੂੰ ਨਾਕਾਮ ਕਰਦੇ ਹੋਏ ਸੋਮਵਾਰ ਨੂੰ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਉਸਦੇ ਪਾਇਲਟ ਵੀ ਮੌਤ ਹੋ ਗਈ ਸੀ।
ਰਾਸ਼ਟਰਪਤੀ ਜ਼ੇਲੇਂਸਕੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਮੈਂ ਹਵਾਈ ਸੈਨਾ ਦੇ ਕਮਾਂਡਰ ਨੂੰ ਬਦਲਣ ਦਾ ਫੈਸਲਾ ਕੀਤਾ ਹੈ….। ਮੈਂ ਸਾਰੇ ਫੌਜੀ ਪਾਇਲਟਾਂ ਦਾ ਸਦਾ ਲਈ ਧੰਨਵਾਦੀ ਰਹਾਂਗਾ।” ਉਨ੍ਹਾਂ ਬਰਖਾਸਤਗੀ ਦਾ ਕਾਰਨ ਨਹੀਂ ਦੱਸਿਆ ਪਰ ਜ਼ਿਕਰ ਕੀਤਾ ਕਿ ਕਰਮਚਾਰੀਆਂ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਅਤੇ ਕਮਾਂਡ ਪੱਧਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਯੂਕ੍ਰੇਨ ਦੇ ਜਨਰਲ ਸਟਾਫ ਨੇ ਕਿਹਾ ਕਿ ਜਨਰਲ ਲੈਫਟੀਨੈਂਟ ਅਨਾਤੋਲੀ ਕ੍ਰਿਵੋਨੋਜ਼ਕਾ ਅਸਥਾਈ ਤੌਰ ‘ਤੇ ਕਮਾਂਡਰ ਦੀ ਡਿਊਟੀ ਨਿਭਾਉਣਗੇ, ਇਕ ਅਮਰੀਕੀ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਰੂਸੀ ਗੋਲੀਬਾਰੀ ਕਾਰਨ ਨਹੀਂ ਵਾਪਰਿਆ ਹੈ। ਪਾਇਲਟ ਦੀ ਗਲਤੀ ਜਾਂ ਮਕੈਨੀਕਲ ਖਰਾਬੀ ਵੀ ਇਸ ਹਾਦਸੇ ਦਾ ਕਾਰਨ ਹੋ ਸਕਦੀ ਹੈ।
ਹਿੰਦੂਸਥਾਨ ਸਮਾਚਾਰ