Kolkata News: ਪੱਛਮੀ ਬੰਗਾਲ ਪੁਲਿਸ ਨੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ਦੀ ਨਾਬਾਲਗ ਧੀ ਨੂੰ ਜਬਰ ਜ਼ਨਾਹ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਮੀਨਾਖਾਂ ਬਲਾਕ ਦੇ ਮੋਥਾਬਾੜੀ ਨਿਵਾਸੀ ਮਸਦੁਲ ਮੁੱਲਾ ਦੇ ਰੂਪ ‘ਚ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਸ ਨੂੰ ਮੰਗਲਵਾਰ ਤੜਕੇ ਗ੍ਰਿਫਤਾਰ ਕੀਤਾ ਗਿਆ।
ਇਹ ਗ੍ਰਿਫ਼ਤਾਰ ਉਦੋਂ ਹੋਈ ਜਦੋਂ ਇੱਕ ਦ੍ਰਿਸ਼ ਸਾਹਮਣੇ ਆਇਆ, ਜਿਸ ’ਚ ਇੱਕ ਵਿਅਕਤੀ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਦੇ ਜਬਰ ਜ਼ਨਾਹ ਅਤੇ ਕਤਲ ਦੇ ਵਿਰੋਧ ਵਿੱਚ ਆਯੋਜਿਤ ਰੈਲੀ ਵਿੱਚ ਧਮਕੀ ਦਿੰਦੇ ਹੋਏ ਦੇਖਿਆ ਅਤੇ ਸੁਣਿਆ ਗਿਆ।
ਪੁਲਿਸ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਨੇ ਇਹ ਧਮਕੀ 25 ਅਗਸਤ ਦੀ ਦੁਪਹਿਰ ਨੂੰ ਆਲ ਇੰਡੀਆ ਸੈਕੂਲਰ ਮੋਰਚਾ ਵੱਲੋਂ ਕੀਤੀ ਗਈ ਰੋਸ ਰੈਲੀ ਦੌਰਾਨ ਦਿੱਤੀ ਸੀ। ਇਸ ਮੋਰਚੇ ਦੀ ਲੀਡਰਸ਼ਿਪ ਨੇ ਕਿਹਾ ਕਿ ਮੁਲਜ਼ਮ ਦੀਆਂ ਟਿੱਪਣੀਆਂ ਨਿੱਜੀ ਹਨ ਅਤੇ ਪਾਰਟੀ ਲੀਡਰਸ਼ਿਪ ਅਜਿਹੀਆਂ ਟਿੱਪਣੀਆਂ ਦਾ ਸਮਰਥਨ ਨਹੀਂ ਕਰਦੀ ਅਤੇ ਨਾ ਹੀ ਇਸਦੇ ਲਈ ਜ਼ਿੰਮੇਵਾਰ ਹੈ।
ਇਹ ਗ੍ਰਿਫ਼ਤਾਰੀ ਪੱਛਮੀ ਬੰਗਾਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਚੇਅਰਪਰਸਨ ਤੁਲਿਕਾ ਦਾਸ ਵੱਲੋਂ ਪੁਲਿਸ ਨੂੰ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਹੋਈ ਹੈ। ਦਾਸ ਨੇ ਪੁਲਿਸ ਨੂੰ ਮਾਮਲੇ ਵਿੱਚ ਦਰਜ ਪਹਿਲੀ ਸੂਚਨਾ ਰਿਪੋਰਟ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਸਮੇਤ ਕਾਰਵਾਈ ਦੀ ਰਿਪੋਰਟ ਦੋ ਦਿਨਾਂ ਵਿੱਚ ਕਮਿਸ਼ਨ ਨੂੰ ਸੌਂਪਣ ਲਈ ਕਿਹਾ ਸੀ।
ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਕਮਿਸ਼ਨ ਨੇ ਦਾਅਵਾ ਕੀਤਾ ਕਿ ਘਟਨਾ ਵਾਲੀ ਥਾਂ ‘ਤੇ ਸਬੰਧਤ ਵਿਅਕਤੀ ਨੂੰ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਲਈ 10 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰਦਿਆਂ ਦੇਖਿਆ ਅਤੇ ਸੁਣਿਆ ਗਿਆ। ਇਸਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਨੇ ਵੀ ਇਸ ਮਾਮਲੇ ‘ਚ ਵੱਖ-ਵੱਖ ਥਾਣਿਆਂ ‘ਚ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਵਿਜ਼ੂਅਲ ਸਾਹਮਣੇ ਆਉਣ ਤੋਂ ਬਾਅਦ, ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਇਸ ਧਮਕੀ ਦੀ ਸਖ਼ਤ ਨਿੰਦਾ ਕੀਤੀ ਅਤੇ ਦਾਅਵਾ ਕੀਤਾ ਕਿ ਆਰਜੀਕਰ ਦੇ ਲਈ ਨਿਆਂ ਦੀ ਆੜ ਹੇਠ “ਇੱਕ ਸਮੂਹ ਦੇ ਜਾਨਵਰਾਂ” ਵਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਨਾਬਾਲਗ ਲੜਕੀ ਨੂੰ ਧਮਕੀਆਂ ਦੇਣ ਦੀ ਘਟਨਾ ਦੀ ਨਿਖੇਧੀ ਕੀਤੀ।
ਹਿੰਦੂਸਥਾਨ ਸਮਾਚਾਰ