Islamabad News: ਨਵਾਬ ਅਕਬਰ ਬੁਗਤੀ ਦੀ 18ਵੀਂ ਬਰਸੀ ‘ਤੇ ਪਾਕਿਸਤਾਨ ਦੇ ਸਭ ਤੋਂ ਵਸੀਲਿਆ ਵਾਲੇ ਅਤੇ ਅਸ਼ਾਂਤ ਬਲੋਚਿਸਤਾਨ ਸੂਬੇ ‘ਚ ਹਥਿਆਰਬੰਦ ਬਲੋਚ ਬਾਗੀਆਂ ਨੇ ਸੋਮਵਾਰ ਸਵੇਰ ਤੋਂ ਲੈ ਕੇ ਰਾਤ ਤੱਕ ਯਾਤਰੀ ਬੱਸਾਂ, ਹਾਈਵੇਅ, ਰੇਲਵੇ ਪੁਲਾਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਖੂਨ-ਖਰਾਬਾ ਕੀਤਾ। ਇਨ੍ਹਾਂ ਹਮਲਿਆਂ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਥਾਨਕ ਨਾਗਰਿਕਾਂ ਦਾ ਦਾਅਵਾ ਹੈ ਕਿ ਦਹਿਸ਼ਤਗਰਦਾਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਅਧਿਕਾਰੀਆਂ ਨੇ ਨਾਗਰਿਕਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ।
ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਦੀ ਰਿਪੋਰਟ ‘ਚ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਕਿਹਾ ਹੈ ਕਿ ਅੱਤਵਾਦੀਆਂ ਨੇ 38 ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ। ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਪ੍ਰੈਸ ਰਿਲੀਜ਼ ਵਿੱਚ ਪੁਸ਼ਟੀ ਕੀਤੀ ਹੈ ਕਿ ਹਮਲਿਆਂ ਵਿੱਚ ਚਾਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਸਮੇਤ 14 ਸੁਰੱਖਿਆ ਕਰਮਚਾਰੀ ਮਾਰੇ ਗਏ। ਹਾਲਾਂਕਿ 21 ਅੱਤਵਾਦੀਆਂ ਨੂੰ ਮਾਰਨ ‘ਚ ਵੀ ਸਫਲਤਾ ਮਿਲੀ ਹੈ।
ਨਵਾਬ ਅਕਬਰ ਬੁਗਤੀ ਨੂੰ ਬੁਗਤੀ ਕਬੀਲੇ ਦਾ ਸਭ ਤੋਂ ਸਤਿਕਾਰਤ ਅਤੇ ਸਰਵਉੱਚ ਨੇਤਾ ਮੰਨਿਆ ਜਾਂਦਾ ਹੈ। 2006 ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਕਾਰਵਾਈ ਦਾ ਹੁਕਮ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਦਿੱਤਾ ਸੀ। ਸੰਸਾਧਨਾਂ ਨਾਲ ਭਰਪੂਰ ਬਲੋਚਿਸਤਾਨ ਸੂਬੇ ‘ਤੇ ਕੰਟਰੋਲ ਲਈ ਦਹਾਕਿਆਂ ਤੋਂ ਚੱਲੀ ਆ ਰਹੀ ਬਗਾਵਤ ਦੇ ਹਿੱਸੇ ਵਜੋਂ ਇਹ ਹਮਲਾ ਸਾਲਾਂ ਦਾ ਸਭ ਤੋਂ ਵੱਡਾ ਹਮਲਾ ਹੈ। ਬਲੋਚ ਬਾਗੀਆਂ ਨੇ ਇਹ ਹਮਲੇ ਨਵਾਬ ਅਕਬਰ ਬੁਗਤੀ ਦੀ 18ਵੀਂ ਬਰਸੀ ਮੌਕੇ ਕੀਤੇ।
ਸਵੇਰੇ ਸਭ ਤੋਂ ਪਹਿਲਾ ਕੰਮ ਜੋ ਇਹਨਾਂ ਬਾਗੀਆਂ ਨੇ ਕੀਤਾ ਉਹ ਸੀ ਮੁਸਾਖੇਲ ਜ਼ਿਲ੍ਹੇ ਵਿਚ ਬੱਸ ਯਾਤਰੀਆਂ ਨੂੰ ਹਾਈਵੇਅ ‘ਤੇ ਉਤਾਰ ਕੇ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ‘ਚੋਂ 23 ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਸੂਬੇ ਦੇ ਸਨ। ਇਸ ਦੇ ਨਾਲ ਹੀ ਰਾਜਧਾਨੀ ਕਵੇਟਾ ਨੂੰ ਸੂਬੇ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ ਰੇਲਵੇ ਪੁਲ ‘ਤੇ ਹਮਲੇ ਕਰਕੇ 6 ਲੋਕਾਂ ਦੀ ਜਾਨ ਲੈ ਗਈ। ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਦਾਅਵਾ ਕੀਤਾ ਹੈ ਕਿ ਅਜਿਹੇ ਹੋਰ ਹਮਲੇ ਹੋਣਗੇ। ਮੁਸਾਖੇਲ ਜ਼ਿਲ੍ਹੇ ਦੇ ਸੀਨੀਅਰ ਐੱਸਐੱਸਪੀ ਅਯੂਬ ਖੋਸੋ ਨੇ ਦੱਸਿਆ ਕਿ ਬੱਸ ਯਾਤਰੀਆਂ ‘ਤੇ ਹਮਲਾ ਕਰਨ ਤੋਂ ਪਹਿਲਾਂ ਬੰਦੂਕਧਾਰੀਆਂ ਨੇ ਜ਼ਿਲ੍ਹੇ ਦੇ ਰਾਰਾਸ਼ਿਮ ਇਲਾਕੇ ‘ਚ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ। ਹਮਲੇ ਦੌਰਾਨ ਹਾਈਵੇਅ ‘ਤੇ 12 ਟਰੱਕਾਂ ਨੂੰ ਅੱਗ ਵੀ ਲਾ ਦਿੱਤੀ ਗਈ।
ਸੂਬਾਈ ਰਾਜਧਾਨੀ ਕਵੇਟਾ ਨੂੰ ਪਾਕਿਸਤਾਨ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਰੇਲ ਪੁਲ ‘ਤੇ ਹੋਏ ਧਮਾਕਿਆਂ ਤੋਂ ਬਾਅਦ ਕਵੇਟਾ ਜਾਣ ਵਾਲੀ ਰੇਲ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਲੋਚ ਵਿਦ੍ਰੋਹੀਆਂ ਨੇ ਪਾਕਿਸਤਾਨ ਨੂੰ ਈਰਾਨ ਨਾਲ ਜੋੜਨ ਵਾਲੀ ਰੇਲਵੇ ਲਾਈਨ ਨੂੰ ਵੀ ਨਿਸ਼ਾਨਾ ਬਣਾਇਆ ਹੈ। ਦਰਅਸਲ, ਬਲੋਚ ਬਾਗੀ ਦਹਾਕਿਆਂ ਤੋਂ ਫੈਡਰਲ ਸਰਕਾਰ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਸੂਬੇ ਦੇ ਸਰੋਤਾਂ ‘ਤੇ ਇੱਥੋਂ ਦੇ ਲੋਕਾਂ ਦੇ ਅਧਿਕਾਰਾਂ ਦਾ ਦਾਅਵਾ ਕਰਦੇ ਹਨ। ਉਹ ਦੱਖਣੀ ਬਲੋਚਿਸਤਾਨ ਵਿੱਚ ਚੀਨ ਵਲੋਂ ਰਣਨੀਤਕ ਤੌਰ ‘ਤੇ ਵਿਕਸਤ ਕੀਤੇ ਜਾ ਰਹੇ ਗਵਾਦਰ ਬੰਦਰਗਾਹ, ਸੋਨੇ ਅਤੇ ਤਾਂਬੇ ਦੀਆਂ ਖਾਣਾਂ ਦੇ ਵਿਕਾਸ ਦਾ ਵੀ ਵਿਰੋਧ ਕਰਦੇ ਰਹੇ ਹਨ।
ਹਿੰਦੂਸਥਾਨ ਸਮਾਚਾਰ