Quetta Pakistan: ਪਾਕਿਸਤਾਨ ‘ਚ ਬਲੋਚਿਸਤਾਨ ਦੇ ਮੁਸਾਖਾਇਲ ਜ਼ਿਲ੍ਹੇ ਦੇ ਰਾਰਾਸ਼ਮ ਇਲਾਕੇ ‘ਚ ਸੋਮਵਾਰ ਸਵੇਰੇ ਦਰਜਨ ਤੋਂ ਜ਼ਿਆਦਾ ਹਥਿਆਰਬੰਦ ਸ਼ੱਕੀ ਅੱਤਵਾਦੀਆਂ ਨੇ 23 ਲੋਕਾਂ ਨੂੰ ਬੱਸਾਂ ਅਤੇ ਟਰੱਕਾਂ ‘ਚੋਂ ਉਤਾਰ ਕੇ ਗੋਲੀ ਮਾਰ ਦਿੱਤੀ। ਹਮਲਾਵਰਾਂ ਨੇ ਸਾਰਿਆਂ ਨੂੰ ਵਾਹਨਾਂ ਤੋਂ ਹੇਠਾਂ ਉਤਾਰਿਆ। ਫਿਰ ਉਨ੍ਹਾਂ ਦੇ ਨਾਮ-ਪਤੇ ਪੁੱਛੇ। ਇਸ ਤੋਂ ਬਾਅਦ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ। ਡਾਨ ਅਖਬਾਰ ਦਾ ਕਹਿਣਾ ਹੈ ਕਿ ਇਕ ਸੀਨੀਅਰ ਸਥਾਨਕ ਪੁਲਿਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਡਾਨ ਨੇ ਮੁਸਾਖਾਇਲ ਦੇ ਸਹਾਇਕ ਕਮਿਸ਼ਨਰ ਨਜੀਬ ਕੱਕੜ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਕਿ ਹਥਿਆਰਬੰਦ ਲੋਕਾਂ ਨੇ ਜ਼ਿਲ੍ਹੇ ਦੇ ਰਾਰਾਸ਼ਾਮ ਖੇਤਰ ਵਿੱਚ ਅੰਤਰ-ਸੂਬਾਈ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਕਈ ਬੱਸਾਂ ਵਿੱਚੋਂ ਯਾਤਰੀਆਂ ਨੂੰ ਉਤਾਰ ਦਿੱਤਾ। ਤਿੰਨ ਮ੍ਰਿਤਕ ਬਲੋਚਿਸਤਾਨ ਅਤੇ ਬਾਕੀ ਪੰਜਾਬ ਸੂਬੇ ਦੇ ਹਨ। ਏਸੀ ਕੱਕੜ ਨੇ ਕਿਹਾ ਹੈ ਕਿ ਹਥਿਆਰਬੰਦ ਲੋਕਾਂ ਨੇ 10 ਵਾਹਨਾਂ ਨੂੰ ਅੱਗ ਵੀ ਲਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਲੇਵੀ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਹਮਲਾ ਕਿਸ ਨੇ ਕੀਤਾ ਹੈ।
ਡਾਨ ਦੀ ਰਿਪੋਰਟ ਹੈ ਕਿ ਇਸ ਸਾਲ ਇਸ ਤਰ੍ਹਾਂ ਦਾ ਇਹ ਦੂਜਾ ਹਮਲਾ ਹੈ। ਅਪ੍ਰੈਲ ਵਿੱਚ, ਬਲੋਚਿਸਤਾਨ ਦੇ ਨੋਸ਼ਕੀ ਕਸਬੇ ਨੇੜੇ ਇੱਕ ਬੱਸ ਵਿੱਚੋਂ ਨੌਂ ਯਾਤਰੀਆਂ ਨੂੰ ਉਤਾਰਿਆ ਗਿਆ ਸੀ। ਬੰਦੂਕਧਾਰੀਆਂ ਨੇ ਉਨ੍ਹਾਂ ਦਾ ਪਛਾਣ ਪੱਤਰ ਦੇਖ ਕੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਰਾਸ਼ਟਰਪਤੀ ਜ਼ਰਦਾਰੀ ਨੇ ਕਿਹਾ ਕਿ ਨਿਰਦੋਸ਼ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਸਾਰੀ ਮਨੁੱਖਤਾ ਦਾ ਕਤਲ ਹੈ। ਪ੍ਰਧਾਨ ਮੰਤਰੀ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਘਟਨਾ ਦੀ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੈ, “ਇਸ ਘਟਨਾ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।”
ਹਿੰਦੂਸਥਾਨ ਸਮਾਚਾਰ