Kyiv, Ukraine: ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਬਾਅਦ ਕਿਹਾ ਕਿ ਭਾਰਤ ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਵਿਸ਼ਵ ਕੂਟਨੀਤਕ ਯਤਨਾਂ ਵਿੱਚ ਇੱਕ ‘ਮਹੱਤਵਪੂਰਨ’ ਭੂਮਿਕਾ ਨਿਭਾ ਸਕਦਾ ਹੈ।
ਜ਼ੇਲੇਂਸਕੀ ਨੇ ਕਿਹਾ ਕਿ ਉਹ ਭਾਰਤ ਦੀ ਯਾਤਰਾ ਕਰਨ ਲਈ ਉਤਸੁਕ ਹਨ। ਯੂਕ੍ਰੇਨ ਦੇ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਦੁਵੱਲੀ ਗੱਲਬਾਤ ਦੌਰਾਨ ਜ਼ੇਲੇਂਸਕੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਇਹ ਟਿੱਪਣੀ ਕੀਤੀ। ਦੁਵੱਲੀ ਗੱਲਬਾਤ ਤੋਂ ਬਾਅਦ ਭਾਰਤੀ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ, ‘ਮੋਦੀ ਦਾ ਦੌਰਾ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਯੂਕ੍ਰੇਨ ਦਾ ਸਮਰਥਨ ਕਰਨ ਦੀ ਲੋੜ ਹੈ, ਨਾ ਕਿ ਅਮਰੀਕਾ ਅਤੇ ਰੂਸ ਵਿਚਾਲੇ ਸੰਤੁਲਨ ਬਣਾਉਣ ਦੀ।
ਮੋਦੀ ਦੀ ਯੂਕ੍ਰੇਨ ਦੀ ਤਕਰੀਬਨ ਨੌਂ ਘੰਟੇ ਦੀ ਯਾਤਰਾ 1991 ਵਿੱਚ ਯੂਕ੍ਰੇਨ ਦੀ ਆਜ਼ਾਦੀ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਪਹਿਲੀ ਯਾਤਰਾ ਸੀ। ਇਹ ਦੌਰਾ ਜੁਲਾਈ ਵਿੱਚ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਵਾਰਤਾ ਤੋਂ ਛੇ ਹਫ਼ਤੇ ਬਾਅਦ ਹੋਇਆ ਹੈ।
ਜ਼ੇਲੇਂਸਕੀ ਨੇ ਕਿਹਾ, ‘‘ਜਦੋਂ ਤੁਸੀਂ ਰਣਨੀਤਕ ਭਾਈਵਾਲੀ, ਕੁਝ ਗੱਲਬਾਤ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਇਸ ਲਈ ਮੈਨੂੰ ਲੱਗਦਾ ਹੈ ਕਿ ਦੁਬਾਰਾ ਮਿਲਣਾ ਚੰਗਾ ਰਹੇਗਾ, ਅਤੇ ਜੇਕਰ ਸਾਡੀ ਮੁਲਾਕਾਤ ਭਾਰਤ ਵਿੱਚ ਹੁੰਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਉਨ੍ਹਾਂ ਨੇ ਕਿਹਾ, ‘ਮੈਨੂੰ ਕਾਫ਼ੀ ਜ਼ਰੂਰਤ ਹੈ ਕਿ ਤੁਹਾਡਾ ਦੇਸ਼ ਸਾਡੇ ਪੱਖ ਵਿੱਚ ਰਹੇ।
ਜ਼ੇਲੇਂਸਕੀ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ, ਪੁਤਿਨ ਦੇ ਮੁਕਾਬਲੇ ਸ਼ਾਂਤੀ ਦੇ ਜ਼ਿਆਦਾ ਸਮਰਥਕ ਹਨ। ਸਮੱਸਿਆ ਇਹ ਹੈ ਕਿ ਪੁਤਿਨ (ਸ਼ਾਂਤੀ) ਨਹੀਂ ਚਾਹੁੰਦੇ।’’
ਹਿੰਦੂਸਥਾਨ ਸਮਾਚਾਰ