Udaipur : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ, ਜੋ ਕਿ ਉਦੈਪੁਰ ਸਥਿਤ ਆਪਣੇ ਘਰ ਆਏ ਹੋਏ ਸਨ, ਦੀ ਵੀਰਵਾਰ ਰਾਤ ਅਚਾਨਕ ਤਬੀਅਤ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਸਰਕਾਰੀ ਐਮਬੀ ਹਸਪਤਾਲ ਉਦੈਪੁਰ ਲਿਜਾਇਆ ਗਿਆ। ਰਾਤ ਭਰ ਦਾਖਲ ਰਹਿਣ ਤੋਂ ਬਾਅਦ ਸਿਹਤ ‘ਚ ਸੁਧਾਰ ਹੋਣ ‘ਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਕਟਾਰੀਆ ਨੇ ਵੀਰਵਾਰ ਰਾਤ ਮਾਛਲਾ ਮਗਰਾ ਸਥਿਤ ਆਪਣੇ ਘਰ ‘ਚ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਤੁਰੰਤ ਨੇੜੇ ਦੇ ਡਾਕਟਰ ਨੂੰ ਬੁਲਾਇਆ ਗਿਆ ਅਤੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ। ਹਾਈ ਬੀਪੀ ਕਾਰਨ ਹਸਪਤਾਲ ਜਾਣ ਦੀ ਡਾਕਟਰ ਦੀ ਸਲਾਹ ‘ਤੇ ਕਟਾਰੀਆ ਦੇ ਸਟਾਫ ਨੇ ਉਨ੍ਹਾਂ ਨੂੰ ਸਿੱਧਾ ਹਸਪਤਾਲ ਪਹੁੰਚਾਇਆ। ਉਨ੍ਹਾਂ ਨੂੰ ਰਾਤ ਕਰੀਬ 11:15 ਵਜੇ ਐਮਬੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੂੰ ਕਾਰਡੀਓਲਾਜੀ ਵਿਭਾਗ ਦੇ ਆਈਸੀਯੂ ਵਿੱਚ ਰੱਖਿਆ ਗਿਆ।
ਕਟਾਰੀਆ ਦੇ ਘਰੋਂ ਰਵਾਨਾ ਹੋਣ ਤੋਂ ਪਹਿਲਾਂ ਹਸਪਤਾਲ ਨੂੰ ਸੂਚਿਤ ਕੀਤਾ ਗਿਆ, ਜਿਸ ਕਾਰਨ ਉੱਥੋਂ ਦੇ ਡਾਕਟਰਾਂ ਦੀ ਟੀਮ ਵੀ ਚੌਕਸ ਹੋ ਗਈ। ਹਸਪਤਾਲ ‘ਚ ਕਟਾਰੀਆ ਦੀ ਸਿਹਤ ਦੀ ਜਾਂਚ ਕਰਵਾਉਣ ਤੋਂ ਬਾਅਦ ਟੈਸਟ ਕਰਵਾਏ ਗਏ, ਜਿਨ੍ਹਾਂ ਦੀਆਂ ਰਿਪੋਰਟਾਂ ਨਾਰਮਲ ਆਈਆਂ। ਇਸ ਤੋਂ ਬਾਅਦ ਉਹ ਸ਼ੁੱਕਰਵਾਰ ਸਵੇਰੇ ਕਰੀਬ 8.45 ਵਜੇ ਆਪਣੇ ਘਰ ਪਰਤ ਆਏ।
ਐਮਬੀ ਹਸਪਤਾਲ ਦੇ ਸੁਪਰਡੈਂਟ ਡਾਕਟਰ ਆਰਐਲ ਸੁਮਨ ਅਨੁਸਾਰ ਕਟਾਰੀਆ ਦਾ ਬੀਪੀ ਥੋੜ੍ਹਾ ਉੱਚਾ ਹੋਇਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਸਾਰੀਆਂ ਰਿਪੋਰਟਾਂ ਵੀ ਨਾਰਮਲ ਆਈਆਂ। ਜਦੋਂ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ ਤਾਂ ਉਨ੍ਹਾਂ ਨੂੰ ਸਵੇਰੇ ਛੁੱਟੀ ਦੇ ਦਿੱਤੀ ਗਈ। ਪੰਜਾਬ ਦੇ ਰਾਜਪਾਲ ਕਟਾਰੀਆ 16 ਅਗਸਤ ਤੋਂ ਉਦੈਪੁਰ ਦੇ ਦੌਰੇ ‘ਤੇ ਹਨ ਅਤੇ ਇੱਥੇ ਵੱਖ-ਵੱਖ ਪ੍ਰੋਗਰਾਮਾਂ ‘ਚ ਸ਼ਿਰਕਤ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ