Chicago, US: ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰ ਲਿਆ ਹੈ। ਇਸ ਸਾਲ ਹੋਣ ਵਾਲੀਆਂ ਚੋਣਾਂ ‘ਚ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸਖਤ ਟੱਕਰ ਹੈ। ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਨੇ ਵੀਰਵਾਰ ਰਾਤ ਸ਼ਿਕਾਗੋ ਵਿੱਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਉਮੀਦਵਾਰੀ ਸਵੀਕਾਰ ਕੀਤੀ। ਇਸ ਨਾਲ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਲੀ ਡੈਮੋਕ੍ਰੇਟਿਕ ਪਾਰਟੀ ਦੀ ਦੂਜੀ ਮਹਿਲਾ ਆਗੂ ਬਣ ਗਈ ਹਨ। ਇਸ ਦੌਰਾਨ ਕਮਲਾ ਨੇ ਆਪਣੀ ਮਾਂ ਸ਼ਿਆਮਲਾ ਗੋਪਾਲਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੀ ਮਾਂ ਭਾਰਤੀ ਮੂਲ ਦੀ ਹਨ।
ਇੱਥੇ ਯੂਨਾਈਟਿਡ ਸੈਂਟਰ ਵਿੱਚ ਉਮੀਦਵਾਰੀ ਸਵੀਕਾਰ ਕਰਨ ਲਈ ਸਟੇਜ ’ਤੇ ਪੁੱਜੀ ਹੈਰਿਸ (59) ਨੇ ਕਿਹਾ ਕਿ ਅਸੰਭਵ ਸਫ਼ਰ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਧੀਰ-ਗੰਭੀਰ ਵਿਅਕਤੀ ਨਹੀਂ ਹਨ। ਉਨ੍ਹਾਂ ਨੇ ਰੂਸ ਨਾਲ ਲੜਾਈ ਵਿੱਚ ਯੂਕ੍ਰੇਨ ਦਾ ਸਹਿਯੋਗ ਕਰਨ ਦੀ ਵਚਨਬੱਧਤਾ ਜਤਾਉਂਦਿਆਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੀ ਜਾਂਦੀ ਹਨ ਤਾਂ ਉਹ ਯੂਕ੍ਰੇਨ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਆਪਣੇ ਸਹਿਯੋਗੀਆਂ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ।
ਕਮਲਾ ਹੈਰਿਸ ਨੇ ਆਪਣੇ ਪਤੀ ਡੱਗ ਐਮਹੌਫ ਨੂੰ ਵਿਆਹ ਦੀ 10ਵੀਂ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦੇ ਕੇ ਭਾਸ਼ਣ ਸ਼ੁਰੂ ਕੀਤਾ। ਕਮਲਾ ਹੈਰਿਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਵੇਂ ਪਾਲਿਆ। ਉਨ੍ਹਾਂ ਨੇ ਆਪਣੀ ਮਾਂ ਦਾ ਜ਼ਿਕਰ ਇੱਕ ਸ਼ਾਨਦਾਰ 5 ਫੁੱਟ ਲੰਮੀ ਭੂਰੀ ਔਰਤ ਵਜੋਂ ਕੀਤਾ। ਕਮਲਾ ਨੇ ਕਿਹਾ, ਉਹ ਸਖ਼ਤ ਔਰਤ ਸੀ ਜਿਸ ਨੇ ਰਸਤਾ ਦਿਖਾਇਆ। ਉਨ੍ਹਾਂ ਨੇ ਸਾਨੂੰ ਬੇਇਨਸਾਫ਼ੀ ਬਾਰੇ ਸ਼ਿਕਾਇਤ ਨਾ ਕਰਨ ਸਗੋਂ ਇਸ ਵਿਰੁੱਧ ਆਵਾਜ਼ ਉਠਾਉਣ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸਾਨੂੰ ਕੋਈ ਵੀ ਕੰਮ ਅੱਧੇ ਮਨ ਨਾਲ ਨਹੀਂ ਕਰਨਾ ਚਾਹੀਦਾ। ਅਤੇ ਉਹ ਖੁਦ ਇਸਦੀ ਇੱਕ ਉਦਾਹਰਣ ਹਨ। ਹੈਰਿਸ ਦੇ ਪਿਤਾ ਡੋਨਾਲਡ ਜੈਸਪਰ ਹੈਰਿਸ ਜਮੈਕਾ ਦੇ ਨਾਗਰਿਕ ਸਨ। ਜੇਕਰ ਕਮਲਾ ਹੈਰਿਸ ਚੁਣੀ ਜਾਂਦੀ ਹਨ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ।
ਹਿੰਦੂਸਥਾਨ ਸਮਾਚਾਰ