Guptkashi, Uttrakhand:
ਵੀਰਵਾਰ-ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਕੇਦਾਰ ਘਾਟੀ ’ਚ ਬਾਰਿਸ਼ ਇੱਕ ਵਾਰ ਫਿਰ ਤੀਰਥ ਯਾਤਰੀਆਂ ਅਤੇ ਉਨ੍ਹਾਂ ਦੇ ਸਹਾਇਕਾਂ ‘ਤੇ ਭਾਰੀ ਸਾਬਤ ਹੋਈ। ਕੇਦਾਰ ਘਾਟੀ ਵਿੱਚ ਵੀਰਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਭਾਰੀ ਮੀਂਹ ਪੈ ਰਿਹਾ ਸੀ। ਅਜਿਹੇ ‘ਚ ਰਾਤ ਕਰੀਬ 1:20 ਵਜੇ ਫਾਟਾ ਹੈਲੀਪੈਡ ਨੇੜੇ 4 ਲੋਕ ਅਚਾਨਕ ਮਲਬੇ ਹੇਠਾਂ ਦੱਬੇ ਜਾਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਜ਼ਿਲ੍ਹਾ ਆਫਤ ਪ੍ਰਬੰਧਨ ਫੋਰਸ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਸਵੇਰ ਤੱਕ ਚਾਰਾਂ ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ।ਉਨ੍ਹਾਂ ਦੇ ਹੋਰ ਸਾਥੀਆਂ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਇਹ ਸਾਰੇ ਲੋਕ ਨੇਪਾਲ ਮੂਲ ਦੇ ਵਸਨੀਕ ਹਨ। ਇਨ੍ਹਾਂ ਦੀ ਪਛਾਣ ਤੁਲ ਬਹਾਦਰ, ਪੂਰਨਾ, ਕਿਸ਼ਨਾ ਪਰਿਹਾਰ ਅਤੇ ਦੀਪਕ ਵਜੋਂ ਹੋਈ ਹੈ। ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰੁਦਰਪ੍ਰਯਾਗ ਲਿਆਂਦਾ ਗਿਆ ਹੈ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਰਾਤ ਕਰੀਬ 1.20 ਵਜੇ ਸੂਚਨਾ ਮਿਲੀ ਸੀ ਕਿ ਜ਼ਿਆਦਾ ਮੀਂਹ ਕਾਰਨ ਫਾਟਾ ਹੈਲੀਪੈਡ ਨੇੜੇ ਖਾਟ ਗਦੇਰੇ ਕੋਲ 4 ਲੋਕ ਮਲਬੇ ਹੇਠਾਂ ਦੱਬੇ ਗਏ ਹਨ। ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜਾਂ ਲਈ ਟੀਮ ਘਟਨਾ ਵਾਲੀ ਥਾਂ ‘ਤੇ ਭੇਜੀ ਗਈ ਸੀ। ਸ਼ਾਮ ਤੋਂ ਹੀ ਭਾਰੀ ਮੀਂਹ ਕਰਕੇ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਉਫ਼ਾਨ ’ਤੇ ਹਨ। ਅਜਿਹੇ ‘ਚ ਰਾਤ ਦੇ ਹਨੇਰੇ ‘ਚ ਬਚਾਅ ਕਾਰਜ ਦੀ ਰਫਤਾਰ ਮੱਠੀ ਰਹਿੰਦੀ ਹੈ। ਪਹਾੜੀ ਰਸਤੇ ‘ਤੇ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਲਈ ਵੀ ਸਮਾਂ ਲੱਗਦਾ ਹੈ। ਜਿਵੇਂ ਹੀ ਹਨੇਰਾ ਘਟਿਆ, ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਅਤੇ ਮਲਬਾ ਹਟਾਉਣ ਤੋਂ ਬਾਅਦ 4 ਲੋਕਾਂ ਨੂੰ ਲੱਭ ਲਿਆ ਗਿਆ, ਪਰ ਬਦਕਿਸਮਤੀ ਨਾਲ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।
ਹਿੰਦੂਸਥਾਨ ਸਮਾਚਾਰ